ਪੰਜਾਬ ਸਰਕਾਰ ਖਰੀਦੇਗੀ 347 ਈ-ਬੱਸਾਂ, ਇਨ੍ਹਾਂ 4 ਸ਼ਹਿਰਾਂ ‘ਚ ਬਣਨਗੀਆਂ ਵਿਸ਼ਵ ਪੱਧਰੀ ਸੜਕਾਂ

ਚੰਡੀਗੜ੍ਹ : Punjab Budget 2025 : ਪੰਜਾਬ ਸਰਕਾਰ ਸ਼ਹਿਰੀ ਖੇਤਰਾਂ ‘ਚ ਨਿੱਜੀ ਵਾਹਨਾਂ ‘ਤੇ ਨਿਰਭਰਤਾ ਘਟਾਉਣ ਲਈ 2025-26 ਦੇ ਵਿੱਤੀ ਸਾਲ ਦੌਰਾਨ 347 ਈ-ਬੱਸਾਂ ਖਰੀਦਣ ਜਾ ਰਹੀ ਹੈ। ਇਸ ਦਾ ਐਲਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਦੇ ਸਮੇਂ ਕੀਤਾ। 3.78 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਭਾਰ ਹੇਠ ਦੱਬੀ ਪੰਜਾਬ ਦੀ ਆਰਥਿਕਤਾ ਨੂੰ ਦੇਖਦੇ ਹੋਏ ਵਿੱਤ ਮੰਤਰੀ ਸ਼ਹਿਰੀ ਖੇਤਰਾਂ ਲਈ ਕੋਈ ਵੱਡੀ ਐਲਾਨ ਨਹੀਂ ਕਰ ਸਕੇ। ਹਾਲਾਂਕਿ ਸਰਕਾਰ ਨੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਮੋਹਾਲੀ ‘ਚ 50 ਕਿਲੋਮੀਟਰ ਲੰਬੀਆਂ ਵਿਸ਼ਵ ਸਤਰ ਦੀਆਂ ਸੜਕਾਂ ਬਣਾਉਣ ਦਾ ਫੈਸਲਾ ਕੀਤਾ ਹੈ। ਵਿਸ਼ਵ ਪੱਧਰੀ ਇਨ੍ਹਾਂ ਸੜਕਾਂ ਨੂੰ ਸਰਕਾਰ ਰੋਲ ਮਾਡਲ ਵਜੋਂ ਪੇਸ਼ ਕਰੇਗੀ। ਵਿੱਤ ਮੰਤਰੀ ਲੁਧਿਆਣਾ ਸ਼ਹਿਰ ਪ੍ਰਤੀ ਖਾਸ ਦਿਆਨ ਦਿੰਦੇ ਨਜ਼ਰ ਆਏ। ਉਨ੍ਹਾਂ ਲੁਧਿਆਣਾ ‘ਚ ਪਾਣੀ ਦੀ ਸੇਵਾ ਪ੍ਰਦਾਨ ਕਰਨ ਲਈ ਪੰਜਾਬ ਨਗਰ ਪਾਲਿਕਾ ਸੇਵਾ ਸੁਧਾਰ ਪ੍ਰੋਜੈਕਟ ਲਈ 300 ਕਰੋੜ ਰੁਪਏ ਦਾ ਬਜਟ ਰੱਖਿਆ। ਸ਼ਹਿਰੀ ਵਿਕਾਸ ਲਈ ਬਜਟ ਵਿਚ 5,983 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ।

50 ਕਿਲੋਮੀਟਰ ਦੀਆਂ ਵਿਸ਼ਵ ਪੱਧਰੀ ਸੜਕਾਂ

ਵਿੱਤ ਮੰਤਰੀ ਨੇ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਮੋਹਾਲੀ ਵਿਚ 50 ਕਿਲੋਮੀਟਰ ਲੰਬੀਆਂ ਵਿਸ਼ਵ ਸਤਰ ਦੀਆਂ ਸੜਕਾਂ ਬਣਾਉਣ ਦੀ ਵਿਵਸਥਾ ਕੀਤੀ ਹੈ। ਇਨ੍ਹਾਂ ਸੜਕਾਂ ‘ਤੇ ਕੋਈ ਰੁਕਾਵਟ ਨਹੀਂ ਹੋਵੇਗੀ। ਸਾਰਿਆਂ ਲਈ ਆਸਾਨ ਤੇ ਖੂਬਸੂਰਤ ਫੁੱਟਪਾਥਾਂ ਦਾ ਨਿਰਮਾਣ ਕੀਤਾ ਜਾਵੇਗਾ। ਇਨ੍ਹਾਂ ਸੜਕਾਂ ਦੀ ਸਮਿੱਟਰੀ ਇੱਕੋ ਜਿਹੀ ਹੋਵੇਗੀ, ਚਾਹੇ ਬਿਜਲੀ ਦੀਆਂ ਲਾਈਨਾਂ ਹੋਣ ਜਾਂ ਸਟ੍ਰੀਟ ਲਾਈਟਾਂ ਜਾਂ ਬੱਸ ਸਟੈਂਡ। ਇਨ੍ਹਾਂ ਦੀ ਸਾਂਭ-ਸੰਭਾਲ ਲਈ ਠੇਕੇਦਾਰ ਦੀ ਜਵਾਬਦੇਹੀ ਨਿਰਧਾਰਤ ਕੀਤੀ ਜਾਵੇਗੀ। ਰਾਸ਼ਟਰੀ ਮਿਆਰਾਂ ਮੁਤਾਬਕ ਉਨ੍ਹਾਂ ‘ਤੇ ਢੁਕਵੀਂ ਲੇਨ ਮਾਰਕਿੰਗ ਕੀਤੀ ਜਾਵੇਗੀ। ਇਨ੍ਹਾਂ ਸੜਕਾਂ ‘ਤੇ ਸਾਈਕਲਿੰਗ ਟ੍ਰੈਕ ਵੀ ਬਣਾਇਆ ਜਾਵੇਗਾ। ਹਾਲਾਂਕਿ ਲੁਧਿਆਣਾ ‘ਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਮਲਹਾਰ ਰੋਡ ‘ਤੇ ਇਸ ਤਰ੍ਹਾਂ ਦਾ ਪ੍ਰਯੋਗ ਕੀਤਾ ਗਿਆ ਸੀ, ਪਰ ਸਾਂਭ-ਸੰਭਾਲ ਦੀ ਕਮੀ ਕਾਰਨ ਇਹ ਪ੍ਰੋਜੈਕਟ ਆਪਣੇ ਟੀਚਾ ਤੋਂ ਭਟਕ ਗਿਆ।

Leave a Reply

Your email address will not be published. Required fields are marked *