ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪ੍ਰਸ਼ਨ ਕਾਲ ਦੌਰਾਨ ਖ਼ੁਰਾਕ ਤੇ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਦੇ ਸਵਾਲ ਦੇ ਜਵਾਬ ’ਚ ਕਿਹਾ ਕਿ ਕੇਂਦਰੀ ਸ਼ਰਤਾਂ ਕਾਰਨ ਸਮਾਰਟ ਰਾਸ਼ਨ ਕਾਰਡਾਂ ’ਚ ਨਵੇਂ ਮੈਂਬਰਾਂ ਦੇ ਨਾਮ ਸ਼ਾਮਲ ਨਹੀਂ ਕੀਤੇ ਜਾ ਸਕਦੇ। ਵਣਾਂਵਾਲੀ ਨੇ ਕਿਹਾ ਕਿ ਨਵੇਂ ਜਨਮਿਆਂ ਨੂੰ ਮੁਫ਼ਤ ਰਾਸ਼ਨ ਵਾਲੇ ਕਾਰਡਾਂ ’ਚ ਸ਼ਾਮਲ ਨਹੀਂ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਸਬੰਧਤ ਪਰਿਵਾਰ ਹੋਰ ਸਿਹਤ ਬੀਮਾ ਸਹੂਲਤਾਂ ਆਦਿ ਲੈਣ ਤੋਂ ਵੀ ਵਾਂਝੇ ਰਹਿ ਰਹੇ ਹਨ।
ਮੰਤਰੀ ਕਟਾਰੂਚੱਕ ਨੇ ਕਿਹਾ ਕਿ ਕੇਂਦਰੀ ਖ਼ੁਰਾਕ ਸੁਰੱਖਿਆ ਐਕਟ ਤਹਿਤ 1.41 ਕਰੋੜ ਲਾਭਪਾਤਰੀ ਹੀ ਅਨਾਜ ਲੈਣ ਦੇ ਯੋਗ ਹਨ ਤੇ ਪਹਿਲਾਂ ਹੀ ਇਸ ਤੋਂ ਇਲਾਵਾ 18 ਲੱਖ ਲਾਭਪਾਤਰੀ ਕੇਂਦਰੀ ਕੈਪਿੰਗ ਤੋਂ ਜ਼ਿਆਦਾ ਦਰਜ ਹਨ। ਵਣਾਂਵਾਲੀ ਨੇ ਪੋਰਟਲ ਬੰਦ ਹੋਣ ਦੀ ਸ਼ਿਕਾਇਤ ਰੱਖੀ। ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਸਵਾਲ ਦੇ ਜਵਾਬ ’ਚ ਸੈਰ ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਬਠਿੰਡਾ ਦੀਆਂ ਝੀਲਾਂ ’ਤੇ ਫੂਡ ਹੱਬ ਬਣਾਏ ਜਾਣ ਦੀ ਕੋਈ ਯੋਜਨਾ ਨਹੀਂ ਹੈ ਪਰ ਜੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਤਜਵੀਜ਼ ਭੇਜੇਗਾ ਤਾਂ ਵਿਚਾਰ ਕੀਤੀ ਜਾਵੇਗੀ। ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਲਾਡੋਵਾਲ ਰੋਡ ’ਤੇ ਪੰਚਾਇਤੀ ਜ਼ਮੀਨ ਵਿੱਚ ਟਰੌਮਾ ਸੈਂਟਰ ਬਣਾਏ ਜਾਣ ਦੀ ਕੋਈ ਯੋਜਨਾ ਨਹੀਂ ਹੈ। ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਪੇਂਡੂ ਖੇਤਰ ਵਿੱਚ ਲਾਲ ਲਕੀਰ ਦੇ ਅੰਦਰ ਪਲਾਟ ਧਾਰਕਾਂ ਨੂੰ ਮਾਲਕਾਨਾ ਹੱਕ ਦਿੱਤੇ ਜਾਣ ਦਾ ਸਵਾਲ ਚੁੱਕਿਆ। ਵਿਧਾਇਕ ਅਮਿਤ ਰਤਨ ਨੇ ਸੰਗਤ ਮੰਡੀ ਦੇ 40 ਸਾਲ ਪੁਰਾਣੇ ਬਣੇ ਹਸਪਤਾਲ ਦੀ ਗੱਲ ਕੀਤੀ। ਦਿਨੇਸ਼ ਚੱਢਾ ਨੇ ਜ਼ਿਲ੍ਹਾ ਰੋਪੜ ਦੇ 75 ਪਿੰਡਾਂ ਵਿੱਚ ਨਹਿਰੀ ਪਾਣੀ ਦੀ ਘਾਟ ਦਾ ਹਵਾਲਾ ਦਿੱਤਾ। ਡਾ. ਚਰਨਜੀਤ ਸਿੰਘ ਨੇ ਆਨੰਦਪੁਰ ਸਾਹਿਬ, ਮੁਕਤਸਰ ਸਾਹਿਬ ਤੇ ਫ਼ਤਹਿਗੜ੍ਹ ਸਾਹਿਬ ਵਿਚਲੇ 125 ਗਜ਼ ਤੋਂ ਘੱਟ ਦੇ ਮਕਾਨਾਂ ਲਈ ਮੁਫ਼ਤ ਪੀਣ ਵਾਲੇ ਪਾਣੀ ਦੀ ਸਹੂਲਤ ਨਾ ਦਿੱਤੇ ਜਾਣ ਦਾ ਸਵਾਲ ਚੁੱਕਿਆ। ਗੁਰਦੇਵ ਮਾਨ ਦੇ ਸਵਾਲ ਦੇ ਜਵਾਬ ਵਿੱਚ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਲੰਘੇ ਦੋ ਸਾਲਾਂ ਵਿੱਚ ਸੜਕਾਂ ਕਿਨਾਰੇ ਖੜ੍ਹੇ ਸੁੱਕੇ ਤੇ ਡਿੱਗਣ ਵਾਲੇ 37,571 ਦਰੱਖਤਾਂ ਦੀ ਕਟਾਈ ਹੋਈ ਹੈ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਨੇ ਜ਼ਿਲ੍ਹੇ ਵਿਚਲੇ ਤੰਗ ਪੁਲਾਂ ਦਾ ਮੁੱਦਾ ਚੁੱਕਿਆ। ਭਾਜਪਾ ਵਿਧਾਇਕ ਅਸ਼ਵਨੀ ਕੁਮਾਰ ਦੇ ਸਵਾਲ ਦੇ ਜਵਾਬ ਵਿੱਚ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਹਲਕਾ ਪਠਾਨਕੋਟ ਵਿੱਚ ਲਿੰਕ ਸੜਕਾਂ ਦੀ ਮੁਰੰਮਤ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫ਼ੰਡ ਰੋਕੇ ਜਾਣ ਕਰ ਕੇ ਨਹੀਂ ਹੋ ਸਕੀ।
ਸਦਨ ’ਚ ਧਿਆਨ ਦਿਵਾਊ ਮਤਿਆਂ ਤਹਿਤ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੰਮ੍ਰਿਤਸਰ ਉੱਤਰੀ ਹਲਕੇ ਵਿੱਚ ਪੈਂਦੀਆਂ ਦਰਜਨ ਪੰਚਾਇਤਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਕਮੀ ਬਾਰੇ ਮਤਾ ਰੱਖਿਆ। ਵਿਧਾਇਕ ਦਿਨੇਸ਼ ਕੁਮਾਰ ਚੱਢਾ ਨੇ ਰੋਪੜ ਦੇ ਥਰਮਲ ਪਲਾਂਟ ਲਈ ਸਾਮਾਨ ਲਿਜਾਣ ਵਾਲੇ ਵੱਡੇ ਵਾਹਨਾਂ ਕਰ ਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਵੱਲ ਧਿਆਨ ਖਿੱਚਿਆ।