Delhi Budget 2025: ਦਿੱਲੀ ਦੀ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਰੇਖਾ ਗੁਪਤਾ ਨੇ ਮੰਗਲਵਾਰ ਨੂੰ ਵਿੱਤੀ ਸਾਲ 2025-26 ਲਈ ਇਕ ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜੋ ਪਿਛਲੇ ਸਾਲ ਨਾਲੋਂ 31.5 ਫੀਸਦੀ ਵੱਧ ਹੈ। ਭਾਜਪਾ ਦੀ ਸਰਕਾਰ ਵੱਲੋਂ 26 ਸਾਲ ਮਗਰੋਂ ਦਿੱਲੀ ਦਾ ਬਜਟ ਪੇਸ਼ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਬਜਟ ਹੈ ਜਿਸ ਵਿਚ ਸਰਕਾਰ ਨੇ ਪੂੰਜੀ ਖਰਚ ਨੂੰ ਦੁੱਗਣਾ ਕਰਕੇ 28,000 ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਧੇ ਹੋਏ ਖਰਚ ਨੂੰ ਸੜਕਾਂ, ਸੀਵਰੇਜ਼ ਸਿਸਟਮ ਅਤੇ ਪਾਣੀ ਦੀ ਸਪਲਾਈ ਸਮੇਤ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਖਰਚ ਕੀਤਾ ਜਾਵੇਗਾ। ਵਿਧਾਨ ਸਭਾ ਦੇ ਮੈਂਬਰ 27 ਮਾਰਚ ਨੂੰ ਪ੍ਰਸਤਾਵਿਤ ਬਜਟ ’ਤੇ ਵਿਚਾਰ-ਵਟਾਂਦਰਾ ਕਰਨਗੇ ਅਤੇ ਵੋਟਿੰਗ ਕਰਨਗੇ।
ਇਸ ਦੌਰਾਨ ਗੁਪਤਾ ਨੇ ਪਿਛਲੀ ‘ਆਪ’ ਸਰਕਾਰ ’ਤੇ ਨਿਸ਼ਾਨਾ ਸੇਧਿਆ ਅਤੇ ਕਿਹਾ, “ਸਾਡੇ ਅਤੇ ਉਨ੍ਹਾਂ (ਆਪ) ਵਿੱਚ ਬਹੁਤ ਫਰਕ ਹੈ… ਤੁਸੀਂ (ਆਪ) ਵਾਅਦੇ ਕੀਤੇ, ਅਸੀਂ ਉਨ੍ਹਾਂ ਨੂੰ ਪੂਰਾ ਕਰਾਂਗੇ। ਤੁਸੀਂ ਦੂਜੇ ਰਾਜਾਂ ਦੀਆਂ ਸਰਕਾਰਾਂ ਨੂੰ ਗਾਲ੍ਹਾਂ ਕੱਢੀਆਂ, ਅਸੀਂ ਸਦਭਾਵਨਾ ਕਾਇਮ ਕਰਾਂਗੇ ਅਤੇ ਮਿਲ ਕੇ ਕੰਮ ਕਰਾਂਗੇ… ਤੁਸੀਂ ‘ਸ਼ੀਸ਼ ਮਹਿਲ’ ਬਣਾਇਆ, ਅਸੀਂ ਗ਼ਰੀਬਾਂ ਲਈ ਘਰ ਬਣਾਵਾਂਗੇ… ਤੁਸੀਂ ਲੱਖਾਂ ਰੁਪਏ ਦੇ ਚੱਕਵੇਂ ਪਖਾਨੇ (ਪੋਰਟਾ ਕੇਬਿਨ) ਬਣਾਏ, ਅਸੀਂ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿੱਚ ਲੋਕਾਂ ਲਈ ਪਖਾਨੇ ਬਣਾਵਾਂਗੇ।”