Punjab News – Amritpal Singh’s Aides: ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਅੱਜ ਲਿਆਂਦਾ ਜਾਵੇਗਾ ਅਸਾਮ ਤੋਂ ਪੰਜਾਬ

ਡਿਬਰੂਗੜ੍ਹ, Punjab News – Amritpal Singh’s Aides: ਸੰਸਦੀ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਪੰਜਾਬ ਪੁਲੀਸ ਵੱਲੋਂ ਵੀਰਵਾਰ ਨੂੰ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਪੰਜਾਬ ਲਿਆਂਦਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਿਰੁੱਧ ਕੌਮੀ ਸੁਰੱਖਿਆ ਐਕਟ (NSA) ਦੇ ਦੋਸ਼ ਵਾਪਸ ਲਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਪਰ ਬਾਅਦ ਵਿਚ ਪੰਜਾਬ ਪੁਲੀਸ ਨੇ ਇੱਕ ਹੋਰ ਮਾਮਲੇ ਵਿੱਚ ਉਨ੍ਹਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਸੀ।

ਪੰਜਾਬ ਪੁਲੀਸ ਨੇ ਉਨ੍ਹਾਂ ਨੂੰ 2023 ਵਿੱਚ ਅੰਮ੍ਰਿਤਸਰ ਦੇ ਬਾਹਰਵਾਰ ਇੱਕ ਪੁਲੀਸ ਸਟੇਸ਼ਨ ‘ਤੇ ਹਮਲਾ ਕਰਨ ਦੇ ਦੋਸ਼ ਵਿੱਚ ਦੁਬਾਰਾ ਗ੍ਰਿਫਤਾਰ ਕੀਤਾ ਅਤੇ ਇੱਥੋਂ ਦੀ ਇੱਕ ਅਦਾਲਤ ਤੋਂ ਉਨ੍ਹਾਂ ਦਾ ਰਾਹਦਾਰੀ ਰਿਮਾਂਡ ਹਾਸਲ ਕੀਤਾ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਰੇ ਸੱਤ ਨਜ਼ਰਬੰਦਾਂ ਨੂੰ ਸਖ਼ਤ ਸੁਰੱਖਿਆ ਹੇਠ ਪੰਜਾਬ ਭੇਜਿਆ ਜਾਵੇਗਾ। ਪੰਜਾਬ ਪੁਲੀਸ ਨੇ ਉਨ੍ਹਾਂ ਦਾ ਟਰਾਂਜ਼ਿਟ ਰਿਮਾਂਡ ਪ੍ਰਾਪਤ ਕਰ ਲਿਆ ਹੈ ਅਤੇ ਹੁਣ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿਚੋਂ ਕਾਨੂੰਨੀ ਟ੍ਰਾਂਸਫਰ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।

ਪੰਜਾਬ ਪੁਲੀਸ ਦੀ 25 ਮੈਂਬਰੀ ਟੀਮ ਨੇ ਪਿਛਲੇ ਕੁਝ ਦਿਨਾਂ ਤੋਂ ਡਿਬਰੂਗੜ੍ਹ ਵਿੱਚ ਡੇਰੇ ਲਾਏ ਹੋਏ ਹਨ, ਤਾਂ ਕਿ ‘ਵਾਰਿਸ ਪੰਜਾਬ ਦੇ’ (ਡਬਲਯੂਪੀਡੀ) ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਟ੍ਰਾਂਸਫਰ ਕੀਤਾ ਜਾ ਸਕੇ, ਜੋ ਸੰਸਦ ਮੈਂਬਰ ਨਾਲ ਲਗਭਗ ਦੋ ਸਾਲਾਂ ਤੋਂ ਇੱਥੇ ਜੇਲ੍ਹ ਵਿਚ ਬੰਦ ਹਨ।

ਇਕ ਅਧਿਕਾਰੀ ਨੇ ਕਿਹਾ, ‘‘ਉਨ੍ਹਾਂ ਨੂੰ ਦੋ ਵੱਖ-ਵੱਖ ਵਪਾਰਕ ਉਡਾਣਾਂ ਰਾਹੀਂ ਪੰਜਾਬ ਲਿਜਾਇਆ ਜਾਵੇਗਾ। ਉਨ੍ਹਾਂ ਵਿੱਚੋਂ ਤਿੰਨ ਨੂੰ ਪਹਿਲਾਂ ਹੀ ਇੰਡੀਗੋ ਦੀ ਇੱਕ ਉਡਾਣ ਰਾਹੀਂ ਮੋਹਨਬਾਰੀ ਹਵਾਈ ਅੱਡੇ ‘ਤੇ ਲਿਆਂਦਾ ਜਾ ਚੁੱਕਾ ਹੈ, ਜੋ ਜਲਦੀ ਹੀ ਰਵਾਨਾ ਹੋਣ ਵਾਲੀ ਹੈ।” ਉਨ੍ਹਾਂ ਕਿਹਾ ਕਿ ਬਾਕੀ ਚਾਰਾਂ ਨੂੰ ਵੀ ਦਿਨ ’ਚ ਬਾਅਦ ਵਿਚ ਇੱਕ ਵੱਖਰੀ ਉਡਾਣ ਰਾਹੀਂ ਭੇਜਿਆ ਜਾਵੇਗਾ।

ਇਹ ਸੱਤ ਬੰਦੀ ਹਨ: ਕੁਲਵੰਤ ਸਿੰਘ, ਹਰਜੀਤ ਸਿੰਘ, ਗੁਰਿੰਦਰ ਪਾਲ ਸਿੰਘ, ਗੁਰਮੀਤ ਸਿੰਘ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ, ਦਲਜੀਤ ਸਿੰਘ ਕਲਸੀ ਅਤੇ ਬਸੰਤ ਸਿੰਘ ਹਨ। ਇਨ੍ਹਾਂ ਸਾਰਿਆਂ ਨੂੰ ਪਿਛਲੇ ਤਿੰਨ ਦਿਨਾਂ ਦੌਰਾਨ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਬੈਚਾਂ ਵਿੱਚ ਰਿਹਾਅ ਕੀਤਾ ਗਿਆ ਸੀ ਕਿਉਂਕਿ ਕੌਮੀ ਸੁਰੱਖਿਆ ਐਕਟ (ਐਨਐਸਏ) ਤਹਿਤ ਉਨ੍ਹਾਂ ਦੀ ਨਜ਼ਰਬੰਦੀ ਦੀ ਮਿਆਦ ਖਤਮ ਹੋ ਗਈ ਸੀ।

ਐਸਪੀ ਹਰਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਪੰਜਾਬ ਪੁਲੀਸ ਦੀ ਟੀਮ ਤਬਾਦਲੇ ਲਈ ਡਿਬਰੂਗੜ੍ਹ ਵਿੱਚ ਕਾਨੂੰਨੀ ਰਸਮਾਂ ਪੂਰੀਆਂ ਕਰਨ ਵਿੱਚ ਰੁੱਝੀ ਹੋਈ ਸੀ। ਅਧਿਕਾਰੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਸਮੇਤ ਬਾਕੀ ਰਹਿੰਦੇ ਤਿੰਨ ਨਜ਼ਰਬੰਦਾਂ ਨੂੰ ਵੀ 2025 ਦੇ ਅੱਧ ਤੱਕ ਪੰਜਾਬ ਤਬਦੀਲ ਕੀਤੇ ਜਾਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *