ਮੋਗਾ: ਪੁਲਿਸ ਤੇ ਕਿਸਾਨਾਂ ‘ਚ ਟਕਰਾਅ ਬਣਿਆ ਹੋਇਆ ਹੈ। ਕਿਸਾਨਾਂ ਦੀ ਜਿੱਦ ਡੀਸੀ ਦਫ਼ਤਰ ਘੇਰਨ ਦੀ ਹੈ ਪਰ ਪੁਲਿਸ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇ ਰਹੀ। ਕਿਸਾਨਾਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਧੱਕਾਮੁੱਕੀ ਹੋਈ ਜਿਸ ਦੌਰਾਨ ਕਈ ਕਿਸਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ ਹਨ। ਪੁਲਿਸ ਨੇ ਕਿਸਾਨਾਂ ‘ਤੇ ਗੱਡੀਆਂ ਉੱਪਰ ਚੜਾਉਣ ਦੇ ਇਲਜ਼ਾਮ ਲਾਏ ਹਨ।
ਜ਼ਿਕਰਯੋਗ ਹੈ ਕਿ ਪਿਛਲੇ 115 ਦਿਨਾਂ ਤੋਂ ਖਨੌਰੀ ਅਤੇ ਸ਼ੰਭੂ ਬਾਰਡਰਾਂ ਤੇ ਮਰਨ ਵਰਤ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਉਨ੍ਹਾਂ ਦੇ ਨਾਲ ਸ਼ੰਭੂ ਬਾਰਡਰ ‘ਤੇ ਬੈਠੇ ਸਰਵਨ ਸਿੰਘ ਪੰਧੇਰ ਦੀ ਗ੍ਰਿਫਤਾਰੀ ਤੋਂ ਬਾਅਦ ਦੋਹਾਂ ਬਾਰਡਰਾਂ ‘ਤੇ ਪੰਜਾਬ ਸਰਕਾਰ ਵੱਲੋਂ ਪੁਲਿਸ ਤੋਂ ਕਿਸਾਨਾਂ ‘ਤੇ ਕਰਵਾਈ ਕਾਰਵਾਈ ਤੇ ਢਾਹੇ ਰੈਣ ਬਸੇਰਿਆਂ ਤੋਂ ਕਿਸਾਨ ਖਿਝ ਗਏ ਹਨ। ਉਹ ਹੁਣ ਮੋਗਾ ਜ਼ਿਲ੍ਹੇ ‘ਚ ਵੱਡੇ ਸੰਘਰਸ਼ ਦੇ ਰੌਂ ‘ਚ ਹਨ। ਬੀਤੀ ਰਾਤ ਭਰ ਜ਼ਿਲ੍ਹੇ ਦੇ ਦਰਜਨਾਂ ਪਿੰਡ ਵਿੱਚ ਕਿਸਾਨਾਂ ਦੇ ਘਰਾਂ ‘ਚ ਕੀਤੀ ਛਾਪੇਮਾਰੀ ਦੌਰਾਨ ਭਾਵੇਂ ਬਹੁਤੇ ਕਿਸਾਨ ਪੁਲਿਸ ਦੇ ਹੱਥ ਨਹੀਂ ਆਏ, ਪਰ ਪੁਲਿਸ ਵੱਲੋਂ ਇਹ ਕਾਰਵਾਈ ਚੜ੍ਹਦੇ ਦਿਨ ਤੱਕ ਜਾਰੀ ਰਹੀ। ਉਧਰ ਸੁਖਵੰਤ ਸਿੰਘ ਖੋਟੇ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਕਿਹਾ ਕਿ ਮਰਨ ਵਰਤ ਨੂੰ ਸਰਕਾਰ ਪੈਰਾਂ ਹੇਠ ਰੋਲ ਦੇਵੇ ਅਤੇ ਕਿਸਾਨਾਂ ਮਜ਼ਦੂਰਾਂ ਦੇ ਜਵਾਕ ਸਰਕਾਰ ਦੇ ਸੋਹਲੇ ਗਾਉਂਦੇ ਫਿਰਨ ਕਦੇ ਨਾਂ ਕਦੇ ਤਾਂ ਇਨਸਾਨ ਦਾ ਜ਼ਮੀਰ ਹਲੂਣਾ ਦਿੰਦਾਂ ਹੀ ਹੈ ਅਤੇ ਉਹ ਹਲੂਣਾ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਭਗਵੰਤ ਮਾਨ ਸਰਕਾਰ ਨੇ ਖੁਦ ਦੇ ਦਿੱਤਾ ਹੈ। ਉਨ੍ਹਾਂ ਕਿਹਾ ਸਰਕਾਰ ਦੀਆ 13-14 ਆਲੀਆ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਅਤੇ ਹੁਣ ਆਲੀਆ ਗ੍ਰਿਫ਼ਤਾਰੀਆਂ ਦੇਖ ਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਬੱਚੀਆਂ ਵੱਡੇ ਸੰਘਰਸ਼ ਦੇ ਪਿੜ ਵਿੱਚ ਉਤਰਨ ਲਈ ਮਜਬੂਰ ਹੋਣਗੀਆਂ।