ਨਵੀਂ ਦਿੱਲੀ, ਇੱਥੇ ਦਵਾਰਕਾ ਮੋੜ ਇਲਾਕੇ ਵਿੱਚ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 30 ਝੌਂਪੜੀਆਂ, ਦੋ ਫੈਕਟਰੀਆਂ ਅਤੇ ਕੁਝ ਦੁਕਾਨਾਂ ਸੜ ਗਈਆਂ। ਦਿੱਲੀ ਫਾਇਰ ਸਰਵਿਸਿਜ਼ (ਡੀ.ਐਫ.ਐਸ.) ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 2:07 ਵਜੇ ਅੱਗ ਲੱਗਣ ਬਾਰੇ ਸੂਚਨਾ ਮਿਲੀ ਅਤੇ ਤੁਰੰਤ 11 ਫਾਇਰ ਟੈਂਡਰ ਭੇਜੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਅੱਗ 1,200 ਵਰਗ ਗਜ਼ ਤੋਂ ਵੱਧ ਦੇ ਖੇਤਰ ਵਿੱਚ ਫੈਲ ਗਈ। ਉਨ੍ਹਾਂ ਕਿਹਾ ਕਿ ਅੱਗ ਵਿੱਚ 30 ਝੌਂਪੜੀਆਂ, ਦੋ ਅਸਥਾਈ ਆਈਸ ਕਰੀਮ ਫੈਕਟਰੀਆਂ, ਕਾਰ ਉਪਕਰਣ, ਕਰਿਆਨੇ ਦੀਆਂ ਦੁਕਾਨਾਂ ਸੜ ਗਈਆਂ। ਕਰੀਬ ਦੋ ਘੰਟੇ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਲਗਭਗ 150 ਝੌਂਪੜੀਆਂ ਵਿਚ ਮਜ਼ਦੂਰ ਰਹਿੰਦੇ ਹਨ ਅਤੇ ਵੱਖ-ਵੱਖ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ਪੀੜਤਾਂ ਨੇ ਭਰੇ ਮਨ ਨਾਲ ਕਿਹਾ, ‘‘ਹੁਣ ਸਾਡੇ ਕੋਲ ਸੌਣ ਲਈ ਘਰ ਵੀ ਨਹੀਂ ਹੈ, ਖਾਣ ਲਈ ਵੀ ਕੁਝ ਨਹੀਂ ਬਚਿਆ।’’ ਉਥੇ ਮੌਜੂਦ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਦਸਤਾਵੇਜ਼ ਸੜ ਗਏ ਹਨ।