ਨਵੀਂ ਦਿੱਲੀ, ਸੰਸਦੀ ਕਮੇਟੀ ਨੇ ਲੋਕ ਸਭਾ ਵਿੱਚ ਗ਼ੈਰਹਾਜ਼ਰੀ ਕਾਰਨ ਐੱਨਐੱਸਏ ਤਹਿਤ ਜੇਲ੍ਹ ਵਿੱਚ ਬੰਦ ਪੰਜਾਬ ਦੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਲਈ ਪਿਛਲੇ ਸਮੇਂ ਦੌਰਾਨ ਦਿੱਤੀਆਂ ਦੋ ਅਰਜ਼ੀਆਂ ਦੇ ਆਧਾਰ ’ਤੇ ਅੱਜ 54 ਦਿਨਾਂ ਲਈ ਛੁੱਟੀ ਦੀ ਸਿਫਾਰਸ਼ ਕੀਤੀ ਹੈ। ਉਹ ਅਪਰੈਲ 2023 ਤੋਂ ਐੱਨਐੱਸਏ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਜੇਲ੍ਹ ਵਿੱਚ ਬੰਦ ਹੋਣ ਕਾਰਨ ਗ਼ੈਰਹਾਜ਼ਰੀ ਦੀ ਛੁੱਟੀ ਲਈ ਉਸ ਨੇ ਲੋਕ ਸਭਾ ਸਪੀਕਰ ਨੂੰ ਦੋ ਵਾਰ ਬੇਨਤੀ ਕੀਤੀ ਸੀ। ਉਸ ਨੇ ਪਹਿਲੀ ਬੇਨਤੀ ਬੀਤੇ ਸਾਲ 30 ਨਵੰਬਰ ਅਤੇ ਦੂਜੀ 16 ਦਸੰਬਰ ਨੂੰ ਕੀਤੀ ਸੀ। ਭਾਜਪਾ ਆਗੂ ਬਿਪਲਬ ਦੇਬ ਦੀ ਪ੍ਰਧਾਨਗੀ ਹੇਠਲੀ ਕਮੇਟੀ ਨੇ ਸਦਨ ਦੀਆਂ ਮੀਟਿੰਗਾਂ ’ਚੋਂ ਮੈਂਬਰਾਂ ਦੀ ਗ਼ੈਰਹਾਜ਼ਰੀ ਬਾਰੇ ਅੱਜ ਲੋਕ ਸਭਾ ਵਿੱਚ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ, ‘‘ਸੰਸਦ ਮੈਂਬਰ ਨੇ 24 ਜੂਨ ਤੋਂ 2 ਜੁਲਾਈ (9 ਦਿਨ), 22 ਜੁਲਾਈ ਤੋਂ 9 ਅਗਸਤ (19 ਦਿਨ), 25 ਨਵੰਬਰ ਤੋਂ 20 ਦਸੰਬਰ (26 ਦਿਨ) ਕੁੱਲ ਮਿਲਾ ਕੇ 54 ਦਿਨਾਂ ਦੀ ਗੈਰਹਾਜ਼ਰੀ ਦੀ ਛੁੱਟੀ ਲਈ ਅਰਜ਼ੀਆਂ ਭੇਜੀਆਂ ਸਨ।’’ ਕੇਂਦਰ ਵੱਲੋਂ ਸੰਸਦੀ ਕਮੇਟੀ ਦੀ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸਾਹਮਣੇ ਪੇਸ਼ ਕੀਤੀ ਜਾਵੇਗੀ।
ਸੰਸਦੀ ਪੈਨਲ ਵੱਲੋਂ ਅੰਮ੍ਰਿਤਪਾਲ ਦੀ 54 ਦਿਨ ਦੀ ਛੁੱਟੀ ਦੀ ਸਿਫ਼ਾਰਿਸ਼
