ਨਵੀਂ ਦਿੱਲੀ : ਮਾਈਕ੍ਰੋਸਾਫਟ ਦੇ ਕਲਾਊਡ (Microsoft server Down) ‘ਚ ਅਚਾਨਕ ਆਈ ਗੜਬੜੀ ਕਾਰਨ ਪੂਰੀ ਦੁਨੀਆ ਤਕਨੀਕੀ ਸਮੱਸਿਆਵਾਂ ਨਾਲ ਜੂਝਦੀ ਨਜ਼ਰ ਆ ਰਹੀ ਹੈ। ਮਾਈਕ੍ਰੋਸਾਫਟ ਸਰਵਰ ਆਊਟੇਜ (Microsoft Server Outage) ਕਾਰਨ ਦੁਨੀਆ ਭਰ ਦੀਆਂ ਏਅਰਲਾਈਨਾਂ ਪ੍ਰਭਾਵਿਤ ਹੋਈਆਂ ਹਨ।
ਇਸ ਦੇ ਮੱਦੇਨਜ਼ਰ ਦਿੱਲੀ ਹਵਾਈ ਅੱਡੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਕਿ “ਗਲੋਬਲ ਆਈਟੀ ਮੁੱਦੇ ਦੇ ਕਾਰਨ, ਦਿੱਲੀ ਹਵਾਈ ਅੱਡੇ ‘ਤੇ ਕੁਝ ਸੇਵਾਵਾਂ ਅਸਥਾਈ ਤੌਰ ‘ਤੇ ਪ੍ਰਭਾਵਿਤ ਹੋਈਆਂ ਹਨ। ਅਸੀਂ ਆਪਣੇ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ।”
ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮਾਫੀ – ਹਵਾਈ ਅੱਡਾ
ਹਵਾਈ ਅੱਡੇ ਨੇ ਕਿਹਾ – ਯਾਤਰੀਆਂ ਨੂੰ ਅਪਡੇਟ ਕੀਤੀ ਉਡਾਣ ਦੀ ਜਾਣਕਾਰੀ ਲਈ ਸਬੰਧਤ ਏਅਰਲਾਈਨ ਜਾਂ ਗਰਾਊਂਡ ਹੈਲਪ ਡੈਸਕ ਨਾਲ ਸੰਪਰਕ ਵਿੱਚ ਰਹਿਣ ਦੀ ਬੇਨਤੀ ਕੀਤੀ ਜਾਂਦੀ ਹੈ। ਸਾਡੇ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਅਫਸੋਸ ਹੈ। ਇਸ ਦੇ ਨਾਲ ਹੀ ਆਈਟੀ ਮੰਤਰਾਲਾ ਸਿਸਟਮ ਆਊਟੇਜ ‘ਤੇ ਮਾਈਕ੍ਰੋਸਾਫਟ ਨਾਲ ਗੱਲ ਕਰ ਰਿਹਾ ਹੈ।
ਦੱਸ ਦੇਈਏ ਕਿ IGI ਹਵਾਈ ਅੱਡੇ ‘ਤੇ ਚੈੱਕ-ਇਨ ਕਰਨ ਵਿੱਚ ਸਮੱਸਿਆ ਹੈ। ਕੰਪਿਊਟਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਚੈਕਿੰਗ ਮੈਨੂਅਲੀ ਕੀਤੀ ਜਾ ਰਹੀ ਹੈ। ਉਡਾਣਾਂ ਦੀ ਰਵਾਨਗੀ ਵਿੱਚ ਦੇਰੀ ਹੋਣ ਦੀ ਵੀ ਸੰਭਾਵਨਾ ਹੈ।