Punjab News: ਦਹਿਸ਼ਤਗਰਦ ਅਤਿਵਾਦੀ ਮਾਡਿਊਲ ਦੇ ਤਿੰਨ ਮੈਂਬਰ ਗ੍ਰਿਫਤਾਰ, ਟਾਰਗੇਟ ਕਿਲਿੰਗ ਟਾਲੀ

ਚੰਡੀਗੜ੍ਹ, ਪੰਜਾਬ ਪੁਲੀਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੂਬੇ ਵਿੱਚ ਇੱਕ ਵੱਡੀ ਟਾਰਗੇਟ ਕਿਲਿੰਗ, ਜਿਸਦੀ ਯੋਜਨਾ ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਸਮਰਥਿਤ ਅਤਿਵਾਦੀ ਮਾਡਿਊਲ ਵੱਲੋਂ ਬਣਾਈ ਗਈ ਸੀ, ਨੂੰ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਨਾਲ ਟਾਲ ਦਿੱਤਾ ਗਿਆ ਹੈ। ਪੰਜਾਬ ਪੁਲੀਸ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਮਾਡਿਊਲ ਨੂੰ ਅਮਰੀਕਾ-ਅਧਾਰਤ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਵਾਸ਼ਹਿਰੀਆ(ਜੋ ਪਾਕਿਸਤਾਨ-ਅਧਾਰਤ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਸਹਿਯੋਗੀ ਹੈ) ਅਤੇ ਉਸਦੇ ਸਾਥੀ ਲਾਡੀ ਬਕਾਪੁਰੀਆ (ਯੂਨਾਨ) ਵੱਲੋਂ ਚਲਾਇਆ ਜਾ ਰਿਹਾ ਸੀ।

ਡੀਜੀਪੀ ਨੇ ਐਕਸ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ, ‘‘ਇੱਕ ਵੱਡੀ ਸਫਲਤਾ ਵਿੱਚ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਸਮਰਥਿਤ ਅਤਿਵਾਦੀ ਮਾਡਿਊਲ ਦੇ ਤਿੰਨ ਮੈਂਬਰਾਂ ਜਗਰੂਪ ਸਿੰਘ ਉਰਫ਼ ਜੱਗਾ, ਸੁਖਜੀਤ ਸਿੰਘ ਉਰਫ਼ ਸੁੱਖਾ ਅਤੇ ਨਵਪ੍ਰੀਤ ਸਿੰਘ ਉਰਫ਼ ਨਵ ਦੀ ਗ੍ਰਿਫਤਾਰੀ ਕੀਤੀ ਹੈ। ਜਿਸ ਨਾਲ ਟਾਰਗੇਟ ਕਿਲਿੰਗ ਦੀ ਯੋਜਨਾ ਨੂੰ ਟਾਲ ਦਿੱਤਾ ਗਿਆ।’’

ਉਨ੍ਹਾਂ ਦੱਸਿਆ ਕਿ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਜਿਸ ਵਿਚ 4 ਆਧੁਨਿਕ ਪਿਸਤੌਲ ਗੋਲਾ ਬਾਰੂਦ, ਇੱਕ ਗਲੋਕ ਪਿਸਤੌਲ 9 ਐਮਐਮ ਦੇ ਨਾਲ 01 ਮੈਗਜ਼ੀਨ ਅਤੇ 06 ਕਾਰਤੂਸ, ਇੱਕ ਪਿਸਤੌਲ ਪੀਐਕਸ 5 ਸਟੋਰਮ (ਬੇਰੇਟਾ) 30 ਬੋਰ ਦੇ ਨਾਲ 01 ਮੈਗਜ਼ੀਨ ਅਤੇ 04 ਗੋਲੀਆਂ, ਇੱਕ ਦੇਸੀ 30 ਬੋਰ ਦਾ ਪਿਸਤੌਲ 01 ਮੈਗਜ਼ੀਨ ਅਤੇ 04 ਕਾਰਤੂਸ ਅਤੇ ਇੱਕ ਦੇਸੀ 32 ਬੋਰ ਦਾ ਪਿਸਤੌਲ 01 ਮੈਗਜ਼ੀਨ ਅਤੇ 08 ਕਾਰਤੂਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ’ਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *