ਜਗਰਾਉਂ, ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਨੇ ਵੱਡੇ ਪੱਧਰ ’ਤੇ ਨਸ਼ਿਆਂ ਖ਼ਿਲਾਫ਼ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਢੀ ਹੋਈ ਹੈ ਅਤੇ ਪੁਲੀਸ ਅਧਿਕਾਰੀਆਂ ਦੀ ਸਰਕਾਰ ਨੇ ਜ਼ਿੰਮੇਵਾਰੀ ਵੀ ਤੈਅ ਕੀਤੀ ਹੈ। ਪਰ ਇਸ ਦੇ ਬਾਵਜੂਦ ਨਸ਼ਿਆਂ ਦਾ ਕਹਿਰ ਜਾਰੀ ਹੈ।
ਜਗਰਾਉਂ ਵਿੱਚ ਅੱਜ ਇਕ ਨੌਜਵਾਨ ਦੀ ‘ਨਸ਼ੇ’ ਦਾ ਟੀਕਾ ਲਾਉਂਣ ਸਮੇਂ ਓਵਰਡੋਜ਼ ਨਾਲ ਮੌਤ ਹੋ ਗਈ ਹੈ। ਇਥੋਂ ਦੇ ਰਾਏਕੋਟ ਰੋਡ ਸਥਿਤ ਸਰਕਾਰੀ ਸਨਮਤੀ ਸਾਇੰਸ ਤੇ ਖੋਜ ਕਾਲਜ ਦੇ ਮੁੱਖ ਗੇਟ ਦੇ ਇਕ ਪਾਸੇ ਪੁਰਾਣੇ ਖੂਹ ਵਾਲੇ ਕਮਰੇ ਵਿੱਚ ਅੱਜ ਸਵੇਰੇ ਇਕ ਨੌਜਵਾਨ ਮ੍ਰਿਤਕ ਹਾਲਤ ਮਿਲਿਆ। ਮ੍ਰਿਤਕ ਨੌਜਵਾਨ ਦੀ ਸੱਜੀ ਬਾਂਹ ਦੇ ਗੁੱਟ ਨੇੜੇ ਸਰਿੰਜ ਪਈ ਸੀ ਜਿਸ ’ਤੇ ਖੂਨ ਲੱਗਿਆ ਹੋਇਆ ਸੀ। ਇਸੇ ਕਮਰੇ ਦੇ ਬਾਹਰ ਕੂੜੇ ਵਿੱਚ ਹੋਰ ਸਰਿੰਜਾਂ ਵੀ ਪਈਆਂ ਮਿਲੀਆਂ।
ਇਸ ਮੌਕੇ ਮੌਜੂਦ ਵਾਰਡ ਦੇ ਕੌਂਸਲਰ ਮੇਸ਼ੀ ਸਹੋਤਾ ਨੇ ਦੱਸਿਆ ਕਿ ਅੱਜ ਸਵੇਰ ਜਿਵੇਂ ਹੀ ਸੂਚਨਾ ਮਿਲੀ ਉਹ ਮੌਕੇ ’ਤੇ ਪਹੁੰਚ ਗਏ ਅਤੇ ਪੁਲੀਸ ਨੂੰ ਸੂਚਿਤ ਕੀਤਾ। ਜਿਸ ਉਪਰੰਤ ਥਾਣਾ ਸਿਟੀ ਦੀ ਪੁਲੀਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੀ ਗੱਡੀ ਵਿਚ ਸਿਵਲ ਹਸਪਤਾਲ ਪਹੁੰਚਾਇਆ।
ਕਾਂਗਰਸ ਪਾਰਟੀ ਦੇ ਕੌਂਸਲਰ ਮੇਸ਼ੀ ਸਹੋਤਾ ਨੇ ਕਿਹਾ ਕਿ ਸਰਕਾਰ ਨੇ ਤਿੰਨ ਸਾਲ ਬਾਅਦ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢੀ ਹੈ ਪਰ ਇਹ ਤਾਂ ਹੀ ਸਫ਼ਲ ਹੋਵੇਗੀ ਜੇ ਨਸ਼ਾ ਵੇਚਣ ਵਾਲੇ ਵੱਡੇ ਮਗਰਮੱਛਾਂ ਤੱਕ ਪਹੁੰਚਿਆ। ਥਾਣਾ ਸਿਟੀ ਦੇ ਮੁਖੀ ਅਮਰਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਦੀ ਮੌਤ ਬਾਰੇ ਸੂਚਨਾ ਮਿਲਣ ’ਤੇ ਪੁਲੀਸ ਟੀਮ ਮੌਕੇ ‘ਤੇ ਭੇਜੀ ਹੈ। ਇਸ ਬਾਰੇ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਦੀ ਸ਼ਨਾਖਤ ਲਈ ਯਤਨ ਜਾਰੀ ਹਨ।