ਅਕਾਲੀ ਦਲ ਵੱਲੋਂ ‘ਇਕ ਦੇਸ਼ ਇਕ ਚੋਣ’ ਦੀ ਹਮਾਇਤ, ਸੁਖਬੀਰ ਸਿੰਘ ਬਾਦਲ ਨੇ ਦਿੱਤਾ ਵੱਡਾ ਬਿਆਨ

sukhbir badal/nawanpunjab.com


ਜਲੰਧਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਦੇ ਇਕ ਹੋਰ ਫ਼ੈਸਲੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਦਰਅਸਲ ਕੇਂਦਰ ਸਰਕਾਰ ਆਗਾਮੀ ਸੈਸ਼ਨ ਵਿਚ ਜਿਹੜਾ ਬਿੱਲ “ਇਕ ਦੇਸ਼-ਇਕ ਚੋਣ” ਲਿਆਉਣ ਦੀ ਤਿਆਰੀ ਕਰ ਰਹੀ ਹੈ, ਉਸ ਬਿੱਲ ਦੇ ਆਉਣ ਤੋਂ ਪਹਿਲਾਂ ਹੀ ਸੁਖਬੀਰ ਸਿੰਘ ਨੇ ਇਸ ਬਿੱਲ ਦੀ ਹਮਾਇਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਬਿੱਲ ਤੋਂ ਖ਼ੁਸ਼ ਹੈ ਅਤੇ ਘੱਟੋਂ ਘੱਟ ਦੇਸ਼ ਦੇ ਅੰਦਰ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਹਰ ਦੂਜੇ ਦਿਨ ਚੋਣਾਂ ਨਹੀਂ ਹੋਣਾ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ “ਇਕ ਦੇਸ਼-ਇਕ ਚੋਣ” ਵਿਚ ਸਾਰੇ ਦੇਸ਼ ਦੀ ਸਹਿਮਤੀ ਹੋਣੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ‘ਇਕ ਰਾਸ਼ਟਰ, ਇਕ ਚੋਣ’ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਪ੍ਰਧਾਨਗੀ ‘ਚ ਇਕ ਕਮੇਟੀ ਦਾ ਗਠਨ ਕੀਤਾ ਹੈ। ਸਰਕਾਰ ਵੱਲੋਂ 18 ਸਤੰਬਰ ਤੋਂ 22 ਸਤੰਬਰ ਤੱਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਏ ਜਾਣ ਦੇ ਐਲਾਨ ਦੇ ਇਕ ਦਿਨ ਬਾਅਦ ਇਹ ਕਦਮ ਸਾਹਮਣੇ ਆਇਆ ਹੈ। ਸਰਕਾਰ ਨੇ ਹਾਲਾਂਕਿ ਸੰਸਦ ਦੇ ਵਿਸ਼ੇਸ਼ ਸੈਸ਼ਨ ਦਾ ਏਜੰਡਾ ਐਲਾਨ ਨਹੀਂ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਅਤੇ ਰਾਜ ਵਿਧਾਨ ਸਭਾ ਦੀਆਂ ਚੋਣਾਂ ਇਕੱਠੇ ਕਰਵਾਉਣ ‘ਤੇ ਕਈ ਸਾਲਾਂ ਤੋਂ ਦ੍ਰਿੜਤਾ ਨਾਲ ਜ਼ੋਰ ਦੇ ਰਹੇ ਹਨ ਅਤੇ ਇਸ ਸੰਬੰਧ ‘ਚ ਸੰਭਾਵਨਾਵਾਂ ‘ਤੇ ਵਿਚਾਰ ਦੀ ਜ਼ਿੰਮੇਵਾਰੀ ਰਾਮਨਾਥ ਕੋਵਿੰਦ ਨੂੰ ਸੌਂਪਣ ਦਾ ਫ਼ੈਸਲਾ, ਚੋਣ ਸੰਬੰਧੀ ਆਪਣੇ ਦ੍ਰਿਸ਼ਟੀਕੋਣ ਦੇ ਵਿਸ਼ੇ ‘ਚ ਸਰਕਾਰ ਦੀ ਗੰਭੀਰਤਾ ਨੂੰ ਰੇਖਾਂਕਿਤ ਕਰਦਾ ਹੈ। ਨਵੰਬਰ-ਦਸੰਬਰ ‘ਚ 5 ਰਾਜਾਂ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਸ ਤੋਂ ਬਾਅਦ ਅਗਲੇ ਸਾਲ ਮਈ-ਜੂਨ ‘ਚ ਲੋਕ ਸਭਾ ਚੋਣਾਂ ਹਨ। ਸਰਕਾਰ ਦੇ ਇਸ ਕਦਮ ਨਾਲ ਆਮ ਚੋਣਾਂ ਅਤੇ ਕੁਝ ਸੂਬਿਆਂ ਦੀਆਂ ਚੋਣਾਂ ਨੂੰ ਅੱਗੇ ਵਧਾਉਣ ਦੀਆਂ ਸੰਭਾਵਨਾਵਾਂ ਵੀ ਖੁੱਲ੍ਹੀਆਂ ਹਨ, ਜੋ ਲੋਕ ਸਭਾ ਚੋਣਾਂ ਦੇ ਬਾਅਦ ਜਾਂ ਨਾਲ ਹੋਣੀਆਂ ਹਨ।

ਉਥੇ ਹੀ ਉਨ੍ਹਾਂ ਭਗਵੰਤ ਮਾਨ ‘ਤੇ ਵੀ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਹੁਣ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਹਨ ਅਤੇ ਪਾਰਟੀ ਨੂੰ ਜਿਤਾਉਣ ਲਈ ਮਹਾਰਾਸ਼ਟਰ ਵਿਚ ਜਾ ਰਹੇ ਹਨ। ਉਥੇ ਹੀ ਉਨ੍ਹਾਂ ਪੰਜਾਬ ਸਰਕਾਰ ‘ਤੇ ਵੀ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਾਈਕੋਰਟ ਦੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕੰਮ ਕਰਨ ਵਾਲੇ ਹੁੰਦੇ ਹਨ, ਉਹ ਕਰਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਭੰਗ ਕਰਨ ਦਾ ਫ਼ੈਸਲਾ ਇਨ੍ਹਾਂ ਨੇ ਆਪ ਕੀਤਾ ਸੀ ਕਿ ਪੰਜਾਬ ਦੀਆਂ 13 ਹਜ਼ਾਰ ਪੰਚਾਇਤਾਂ ਭ੍ਰਿਸ਼ਟਾਚਾਰ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਤੋਂ ਮਾੜੀ ਗੱਲ ਤਾਂ ਕੁਝ ਨਹੀਂ ਹੋ ਸਕਦੀ ਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਪੰਚਾਇਤੀ ਮੈਂਬਰਾਂ ਨੂੰ ਭ੍ਰਿਸ਼ਟਾਚਾਰ ਕਹਿ ਰਹੇ ਹੋ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੀ ਤਾਂ ਚੁਣੇ ਹੋਏ ਨੁਮਾਇੰਦੇ ਹੀ ਹਨ।

ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਭ੍ਰਿਸ਼ਟਾਚਾਰ ਪੰਜਾਬ ਦੇ ਵਿਧਾਇਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲਾਲਚੰਦ ਕਟਾਰੂਚੱਕ ਵਰਗੇ ਮੰਤਰੀ ਨੂੰ ਤਾਂ ਅਜੇ ਤੱਕ ਅਹੁਦੇ ਤੋਂ ਲਾਹਿਆ ਨਹੀਂ ਹੈ। ਜਿਹੜੇ ਗ਼ਰੀਬ ਸਰਪੰਚ ਹਨ, ਹੁਣ ਉਨ੍ਹਾਂ ਦੇ ਪਿੱਛੇ ਪਏ ਹਨ। ਪਟਵਾਰੀਆਂ ‘ਤੇ ਐਸਮਾ ਲਾਉਣ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਆਪ ਤਾਂ ਆਪਣੀ ਡਿਊਟੀ ਪੂਰੀ ਨਹੀਂ ਕਰ ਰਹੇ ਹਨ, ਉਨ੍ਹਾਂ ਦੀ ਡਿਊਟੀ ਪੰਜਾਬ ਵਿਚ ਹੈ, ਕੋਈ ਛੱਤੀਸਗੜ੍ਹ ਜਾਂ ਮੁੰਬਈ ਵਿਚ ਨਹੀਂ। ਉਨ੍ਹਾਂ ਕਿਹਾ ਕਿ ਰੱਖੜ ਪੁੰਨਿਆ ਦੇ ਮੌਕੇ ‘ਤੇ ਮੁੱਖ ਮੰਤਰੀ ਹਰ ਵਾਰ ਇਥੇ ਆਉਂਦੇ ਹਨ ਪਰ ਮੁੱਖ ਮੰਤਰੀ ਨੇ ਤਾਂ ਕੇਜਰੀਵਾਲ ਨੂੰ ਜਹਾਜ਼ ‘ਤੇ ਮੁੰਬਈ ਲੈ ਕੇ ਜਾਣਾ ਸੀ, ਜਿਸ ਕਰਕੇ ਉਹ ਨਹੀਂ ਆਏ।

Leave a Reply

Your email address will not be published. Required fields are marked *