ਅੰਮ੍ਰਿਤਸਰ : ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਗਾਂਜਾ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। ਪਹਿਲੇ ਮਾਮਲੇ ਵਿੱਚ, ਮਲੇਸ਼ੀਆ ਏਅਰਲਾਈਨਜ਼ ਨਾਲ ਆਏ ਯਾਤਰੀ ਮੰਦੀਪ ਸਿੰਘ ਦੇ ਸਮਾਨ ਵਿੱਚੋਂ 8.170 ਕਿਲੋਗ੍ਰਾਮ ਗਾਂਜਾ ਬਰਾਮਦ ਹੋਇਆ। ਇਹ ਯਾਤਰੀ ਬੈਂਕਾਕ ਤੋਂ ਉਡਾਨ ਭਰ ਕੇ ਮਲੇਸ਼ੀਆ ਉਤਰੇ ਸੀ ਅਤੇ ਫਿਰ ਮਲੇਸ਼ੀਆ ਤੋਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚਿਆ। ਇੱਥੇ ਕਸਟਮ ਵਿਭਾਗ ਦੀ ਜਾਂਚ ਦੌਰਾਨ ਉਸਦੇ ਸਮਾਨ ਵਿੱਚੋਂ ਗਾਂਜਾ ਬਰਾਮਦ ਹੋਇਆ, ਜਿਸਦੀ ਕੀਮਤ 8.170 ਕਰੋੜ ਰੁਪਏ ਅੰਕਿਤ ਕੀਤੀ ਗਈ ਹੈ।
ਵਿਭਾਗ ਨੇ ਐਨਡੀਪੀਐਸ ਐਕਟ ਅਧੀਨ ਨੋਟਿਸ ਜਾਰੀ ਕਰਕੇ ਯਾਤਰੀ ਨੂੰ ਹਿਰਾਸਤ ਵਿੱਚ ਲਿਆ ਹੈ। ਦੂਜੇ ਮਾਮਲੇ ਵਿੱਚ, ਸ਼ੱਕ ਦੇ ਆਧਾਰ ‘ਤੇ ਸਕੂਟ ਏਅਰਲਾਈਨਜ਼ ਨਾਲ ਬੈਂਕਾਕ ਤੋਂ ਆਏ ਬੰਗਲੁਰੂ ਨਿਵਾਸੀ ਅਭਿਸ਼ੇਕ (19) ਨੂੰ ਜਾਂਚ ਲਈ ਰੋਕਿਆ ਗਿਆ। ਉਸਦੇ ਹੈਂਡਬੈਗ ਵਿੱਚੋਂ 400 ਗ੍ਰਾਮ (24 ਕੈਰਟ) ਸੋਨੇ ਦੇ ਗਹਿਣੇ ਬਰਾਮਦ ਹੋਏ, ਜਿਸ ਵਿੱਚ 320 ਗ੍ਰਾਮ ਦੀ ਸੋਨੇ ਦੀ ਚੇਨ ਅਤੇ 80 ਗ੍ਰਾਮ ਦੀ ਚੂੜੀ ਸ਼ਾਮਲ ਹੈ। ਇਨ੍ਹਾਂ ਗਹਿਣਿਆਂ ਦੀ ਕੀਮਤ 35.60 ਲੱਖ ਰੁਪਏ ਅੰਕਿਤ ਕੀਤੀ ਗਈ ਹੈ।