ਮੋਗਾ : ਮੋਗਾ ਜ਼ਿਲ੍ਹੇ ਵਿੱਚ ਪੰਜਾਬ ਪੁਲਿਸ ਤੇ ਗੈਂਗਸਟਰ ਗੁਰਦੀਪ ਸਿੰਘ ਮਾਨਾ ਵਿਚਾਲੇ ਐਨਕਾਊਂਟਰ ਹੋ ਗਿਆ ਹੈ। ਗੈਂਗਸਟਰ ਗੁਰਦੀਪ ਸਿੰਘ ਵੱਲੋਂ ਪੁਲਿਸ ਟੀਮ ‘ਤੇ ਫ਼ਾਇਰਿੰਗ ਕੀਤੀ ਗਈ ਸੀ, ਜਿਸ ਦੇ ਜਵਾਬ ਵਿਚ ਪੁਲਿਸ ਟੀਮ ਨੇ ਵੀ ਗੋਲ਼ੀਆਂ ਚਲਾਈਆਂ। ਇਸ ਦੌਰਾਨ ਗੁਰਦੀਪ ਸਿੰਘ ਮਾਨਾ ਜ਼ਖ਼ਮੀ ਹੋ ਗਿਆ ਹੈ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਵੱਲੋਂ ਬੀਤੇ ਦਿਨੀਂ ਗੁਰਦੀਪ ਸਿੰਘ ਮਾਨਾ ਨੂੰ 400 ਗ੍ਰਾਮ ਹੈਰੋਇਨ ਤੇ BMW ਗੱਡੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅਤੇ ਪੁੱਛਗਿੱਛ ਦੌਰਾਨ ਗੁਰਦੀਪ ਨੇ ਦੱਸਿਆ ਕਿ ਉਸ ਨੇ ਨਹਿਰ ਦੇ ਨਾਲ ਦਰਖ਼ਤ ਦੇ ਥੱਲੇ ਹਥਿਆਰ ਲੁਕਾਏ ਹੋਏ ਹਨ। ਸ਼ੁੱਕਰਵਾਰ ਸਵੇਰੇ ਜਦੋਂ ਪੁਲਿਸ ਟੀਮ ਉਸ ਨੂੰ ਨਾਲ ਲੈ ਕੇ ਹਥਿਆਰ ਦੀ ਰਿਕਵਰੀ ਕਰਨ ਲਈ ਗਈ ਤਾਂ ਅਜੀਤਵਾਲ ਪਿੰਡ ਚੂਹੜਚੱਕ ਲਿੰਕ ਰੋਡ ਨੇੜੇ ਗੁਰਦੀਪ ਨੇ ਉਹ ਹਥਿਆਰ ਕੱਢ ਕੇ ਪੁਲਿਸ ਟੀਮ ‘ਤੇ ਹੀ ਗੋਲ਼ੀਆਂ ਚਲਾ ਦਿੱਤੀਆਂ। ਪੁਲਿਸ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਗੁਰਦੀਪ ਵੱਲੋਂ 2 ਗੋਲ਼ੀਆਂ ਚਲਾਈਆਂ ਗਈਆਂ। ਅਤੇ ਪੁਲਿਸ ਪਾਰਟੀ ਵੱਲੋਂ ਜਵਾਬੀ ਕਾਰਵਾਈ ਵਿਚ 5 ਗੋਲ਼ੀਆਂ ਚਲਾਈਆਂ ਗਈਆਂ। ਜ਼ੋ ਕਿ ਇਨ੍ਹਾਂ ਵਿਚੋਂ ਇਕ ਗੁਰਦੀਪ ਦੇ ਪੈਰ ਵਿਚ ਵੱਜੀ ਤੇ ਉਹ ਜ਼ਖ਼ਮੀ ਹੋ ਗਿਆ।
ਗੁਰਦੀਪ ਨੂੰ ਜ਼ਖ਼ਮੀ ਹਾਲਤ ਵਿਚ ਮੋਗਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਗੁਰਦੀਪ ਦੇ ਇਲਾਜ ਮਗਰੋਂ ਉਸ ਕੋਲੋਂ ਅੱਗੇ ਦੀ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗੁਰਦੀਪ ਸਿੰਘ ਮਾਨਾ ‘ਤੇ ਪਹਿਲਾਂ ਤੋਂ ਹੀ ਵੱਖ-ਵੱਖ ਥਾਣਿਆਂ ਵਿਚ 42 ਮਾਮਲੇ ਦਰਜ ਹਨ।