ਚੰਡੀਗੜ੍ਹ, 19 ਜਨਵਰੀ – ਪੰਜਾਬ ਦੇ ਗਹਿਰੇ ਸੰਕਟ ਦੀ ਜੜ੍ਹਾਂ ਫਰੋਲਦਾ ਅਤੇ ਸਮਝਣ ਦਾ ਪਿੜ ਤਿਆਰ ਕਰਨ ਵਾਲੇ ਨਾਮਵਰ ਬੁਧੀਜੀਵੀ ਤੇ ਲੇਖਕ ਸੰਤ ਸਿੰਘ ਸੇਖੋਂ ਦੇ ਲੇਖਾਂ ਦਾ ਸ੍ਰੰਗਿਹ “ਤੀਜਾ ਘਲੂਘਾਰਾ” ਦਾ ਲੋਕ ਅਰਪਨ ਅੱਜ ਪ੍ਰਸਿੱਧ ਪੰਜਾਬੀ ਸੁਰਜੀਤ ਪਾਤਰ ਨੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਕੈਂਪਸ ਵਿੱਚ ਕੀਤਾ।
ਸਵਰਗਵਾਸੀ ਚਿੰਤਕ ਦਰਸ਼ਨ ਸਿੰਘ ਤਾਤਲਾ ਨੇ ਲੰਡਨ ਤੋਂ ਛਪਦੇ ਹਫਤਾਵਰੀ “ਦੇਸ਼ ਪ੍ਰਦੇਸ਼” ਵਿੱਚੋਂ ਸੇਖੋਂ ਸਾਹਿਬ ਦੇ 13 ਲੇਖ, ਤੇਜਵੰਤ ਸਿੰਘ ਗਿੱਲ ਵੱਲੋਂ ਸੇਖੋਂ ਦੀ ਸੰਪਾਦਤ ਕੀਤੀ ਜੀਵਨੀ ਵਿੱਚੋਂ 8 ਲੇਖ ਅਤੇ ਮਾਲਵਿੰਦਰ ਸਿੰਘ ਮਾਲੀ ਦੀ ਸੰਪਾਦਤ ਪੁਸਤਕ “ਪੰਜਾਬ ਦਾ ਕੌਮੀ ਮਸਲਾ ਖੱਬੇ ਪੱਖੀ ਚਿੰਤਕਾਂ ਦੀ ਨਜ਼ਰ” ਵਿੱਚੋਂ ਵੀ ਇਕ ਲੇਖ ਲੈਕੇ ਕੁਲ 23 ਲੇਖਾਂ ਦੀ ਕਿਤਾਬ “ਤੀਜਾ ਘਲੂਘਾਰਾ” ਨਾਮ ਹੇਠ ਥੱਲੇ ਸੰਪਾਦਤ ਕੀਤਾ।
ਲੇਖਾਂ ਦੇ ਸਬੰਧ ਵਿੱਚ ਬੋਲਦਿਆਂ, ਡਾ. ਤੇਜਵੰਤ ਸਿੰਘ ਗਿੱਲ ਨੇ ਕਿਹਾ ਸੇਖੋਂ ਸਾਹਿਬ ਨੂੰ ਦਰਬਾਰ ਸਾਹਿਬ ਉੱਤੇ ਜੂਨ 1984 ਵਿੱਚ ਹੋਏ ਫੌਜੀ ਹਮਲੇ ਨੇ ਝੰਜੋੜ ਕੇ ਰੱਖ ਦਿੱਤਾ। ਕਈ ਵਾਰ ਸੇਖੋਂ ਸਾਹਿਬ ਸੁੱਤੇ ਪਏ ਉਠਕੇ ਬਰੜਾਉਣ ਲਗ ਪੈਂਦੇ ਅਤੇ ਉੱਚੀ ਉੱਚੀ ਰੋਣ ਵੀ ਲੱਗ ਪੈਂਦੇ ਸਨ। ਪਰ ਉਹਨਾਂ ਦੇ ਲੇਖਾਂ ਵਿੱਚ ਉਸ ਤਰ੍ਹਾਂ ਦੀ ਭਾਵਕਤਾ ਨਹੀਂ ਬਲਕਿ ਤਾਰਤਿਕ ਤਰੀਕੇ ਨਾਲ ਪੰਜਾਬ ਸੰਕਟ ਅਤੇ ਫੌਜੀ ਹਮਲੇ ਹੋਣ ਦੀ ਨੌਬਤ ਨੂੰ ਸਮਝਣ ਦੀ ਗਹਿਰੀ ਸਮਝ ਪੇਸ਼ ਕੀਤੀ ਹੈ।
ਸੁਰਜੀਤ ਪਾਤਰ ਨੇ ਕਿਹਾ ਸੇਖੋਂ ਸਾਹਿਬ ਤਾਂ “ਸਮੁੰਦਰ” ਸਨ ਜਿੰਨਾਂ ਇਤਿਹਾਸ ਤੋਂ ਇਲਾਵਾ ਸਹਿਤ ਦੀਆਂ ਸਾਰੀਆਂ ਵਿਧਾਵਾਂ ਵਿੱਚ ਪੰਜਾਬੀ/ਸਿੱਖ ਕਲਚਰ ਅਤੇ ਜ਼ਮੀਨ ਉੱਤੇ ਰੀਗਦੀ ਜ਼ਿੰਦਗੀ ਦੇ ਵੇਗ ਨੂੰ ਨਿਪੁੰਨਤਾ/ਭਾਵਪੂਰਤ ਤਰੀਕੇ ਨਾਲ ਪੇਸ਼ ਕੀਤਾ ਹੈ। ਪੰਜਾਬ ਦੇ ਦੁਖਾਂਤ ਉੱਤੇ ਲਿਖੇ ਲੇਖਾਂ ਵਿੱਚ ਇਹ ਸਭ ਕੁਝ ਦ੍ਰਿਸ਼ਟਮਾਨ ਹੈ।
ਇਸ ਮੌਕੇ ਉੱਤੇ ਬੁਧੀਜੀਵੀ/ਚਿੰਤਕਾਂ ਦੇ ਇਕੱਠ ਵਿੱਚ ਬੋਲਦਿਆਂ, ਡਾ. ਸਵਰਾਜ ਸਿੰਘ ਨੇ ਕਿਹਾ ਸੇਖੋਂ ਨੇ ਮਾਰਕਸਵਾਦੀ ਚਿੰਤਕ ਹੁੰਦਿਆ ਹੋਇਆ ਵੀ ਮਾਰਕਸ ਵਿਚਾਰਧਾਰਾ ਨੂੰ ਭਾਰਤੀ ਅਤੇ ਪੰਜਾਬੀ ਪ੍ਰਸੰਗਤਾ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਭਾਰਤੀ ਖੱਬੇ ਪੱਖੀਆਂ ਦੀ ਤਰਜ਼ ਉੱਤੇ ‘ਜਮਾਤੀ ਸੰਘਰਸ਼’ ਦੇ ਨਜ਼ਰੀਏ ਤੱਕ ਸੀਮਤ ਨਹੀਂ ਰਿਹਾ।
ਇਸ ਸੰਬਧ ਵਿੱਚ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਖੱਬੇ ਪੱਖੀ ਧਿਰਾਂ ਜ਼ਿਆਦਾ ਫਾਰਮੂਲਾ ਨੁਮਾ ਧਾਰਾਵਾਂ ਤੋਂ ਛੁਟਕਾਰਾ ਨਹੀਂ ਪਾ ਸਕੀਆਂ ਜਦੋਂ ਸੇਖੋਂ ਸਾਹਿਬ ਨੇ ਉਹਨਾਂ ਧਰਾਵਾਂ ਤੋਂ ਪਾਰ ਪੰਜਾਬੀ/ਸਿੱਖ ਰਹਿਤਲ ਦੀਆਂ ਪਰਤਾਂ ਫਰੋਲਿਆ, ਪੰਜਾਬ ਸੰਕਟ ਦੇ ਵਿਸ਼ਲੇਸ਼ਣ ਨੂੰ ਹੋਰ ਗਹਿਰਾ ਕੀਤਾ।
ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਤੇਜ਼ੀ ਨਾਲ ਬਦਲ ਰਹੇ ਸੰਸਾਰ, ਜੀਵਨ ਜਾਂਚ ਅਤੇ ਅਰਥ-ਵਿਵਸਥਾ ਵਿੱਚ ਵਿਚਾਰ ਅਤੇ ਵਿਚਾਰਧਾਰਾ ਸਥਿਰ ਅਤੇ ਚਿਰ ਸਥਾਈ ਨਹੀਂ ਹੋ ਸਕਦੇ ਸਨ। ਇਸ ਕਰਕੇ, ਬਦਲੀ ਸਥਿਤੀ ਨੂੰ ਨਵੇਂ ਜਾਵੀਏ ਤੋਂ ਹੀ ਅੰਗਣਾ ਚਾਹੀਦਾ। ਫਲਸਫੇ ਪੱਧਰ ਉਤੇ ਉਹਨਾਂ ਕਿਹਾ ਗੁਰੂ ਨਾਨਕ ਹੀ ਅੱਜ ਕੱਲ ਜ਼ਿਆਦਾ ਪ੍ਰਸੰਗਿਤ ਹੈ।
ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਪੰਜਾਬ ਦੇ ਦੁਖਾਂਤ ਅਤੇ ਖਾਸ ਕਰਕੇ ਜੂਨ 84 ਨੇ ਕਮਊਨਿਸਟਾਂ ਨੂੰ ਵੀ ਭੰਬਲਭੂਸੇ ਵਿੱਚ ਪਾ ਦਿੱਤਾ ਸੀ। ਉਹਨਾਂ ਵਿੱਚੋਂ ਕਈ ਮੁੜ੍ਹ ਪੁਰਾਣੀਆਂ ਪੁਜ਼ੀਸ਼ਨਾਂ ਉੱਤੇ ਜਾ ਪਹੁੰਚੇ ਅਤੇ ਕਈਆਂ ਨੇ ਨਵੇਂ ਰਾਹ ਅਖਤਿਆਰ ਕਰ ਲਏ। ਪਰ ਕਾਮਰੇਡ-ਬਨਾਮ-ਸਿੱਖ ਟਕਰਾਓ ਬੰਦ ਹੋਣਾ ਚਾਹੀਦਾ ਹੈ। ਸੇਖੋਂ ਨਾਲ ਮਿਲਣੀ ਦੀ ਵਿਆਖਿਆ ਕਰਦਿਆਂ ਪੱਤਰਕਾਰ ਹਮੀਰ ਸਿੰਘ, ਨੇ ਕਿਹਾ ਜੇ ਮਾਰਕਸਵਾਦ ਦੀ ਕਲਾਸੀਕਲ ਵਿਧੀਆਂ ਹੁਣ ਸਿਆਸੀ ਆਰਥਿਕ ਮਸਲਿਆਂ ਦਾ ਹੱਲ ਨਹੀਂ ਤਾਂ ਸਾਨੂੰ ਦੂਜੀਆਂ ਵਿਧੀਆਂ ਵਰਤ ਲੈਣੀਆ ਚਾਹੀਦੀਆ।
ਦਰਸ਼ਨ ਸਿੰਘ ਤਾਤਲਾ ਦੇ ਇੰਗਲੈਡ ਵਿੱਚ ਤਿੰਨ ਦਹਾਕੇ ਅਧਿਆਪਨ ਅਤੇ ਪੰਜਾਬੀ ਡਾਇਸਪੋਰਾ ਬਾਰੇ ਲਿਖੀਆਂ ਪੁਸਤਕਾੰ ਦਾ ਜ਼ਿਕਰ ਕਰਦਿਆ ਰਾਜਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਤਾਤਲਾਂ ਨੇ ਸੇਖੋਂ ਦੇ ਲੇਖਾਂ ਦਾ ਅੰਗਰੇਜ਼ੀ ਵਿੱਚ ਵੀ ਤਰਜਮਾ ਕਰ ਦਿੱਤਾ ਸੀ, ਜਿਹੜਾ ਅਜੇ ਛਾਪਣਾ ਹੈ। ਇਸ ਮੌਕੇ ਉੱਤੇ ਡਾ. ਗੁਰਚਰਨ ਸਿੰਘ, ਪਰਵੀਨ ਪਾਲ, ਡਾ. ਸਾਹਿਬ ਸਿੰਘ ਅਰਸ਼ੀ, ਮਹਿੰਦਰ ਸਿੰਘ ਮੌਰਿੰਡਾ, ਪੱਤਰਕਾਰ ਗੁਰਸ਼ਮਸ਼ੀਰ ਸਿੰਘ ਅਤੇ ਪੱਤਰਕਾਰ ਮੇਜਰ ਸਿੰਘ ਆਦਿ ਸ਼ਾਮਲ ਹੋਏ।