ਲੁਧਿਆਣਾ ਦਿਹਾਤੀ ਪੁਲੀਸ ਨੇ ਪਿੰਡ ਨਾਰੰਗਵਾਲ ਵਿੱਚ ਨਸ਼ਾ ਤਸਕਰ ਜੋੜੇ ਦੇ ਘਰ ’ਤੇ ਬੀਤੀ ਰਾਤ ਬੁਲਡੋਜ਼ਰ ਚਲਾ ਦਿੱਤਾ। ਇਸ ਮੌਕੇ ਐੱਸਐੱਸਪੀ ਅੰਕੁਰ ਗੁਪਤਾ ਖੁਦ ਮੌਕੇ ’ਤੇ ਮੌਜੂਦ ਸਨ। ਦਰਅਸਲ, ਬੁੱਧਵਾਰ ਨੂੰ ਸਰਪੰਚ ਮਨਜਿੰਦਰ ਸਿੰਘ ਗਰੇਵਾਲ ਅਤੇ ਮਹਿਲਾ ਤਸਕਰ ਕੁਲਬੀਰ ਕੌਰ ਵਿਚਕਾਰ ਹੋਈ ਲੜਾਈ ਦਾ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਮਹਿਲਾ ਸ਼ਰੇਆਮ ਨਸ਼ੇ ਵੇਚ ਰਹੀ ਸੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਸੀ।
ਵੀਰਵਾਰ ਦੇਰ ਰਾਤ ਐੱਸਐੱਸਪੀ ਅੰਕੁਰ ਗੁਪਤਾ ਦੀ ਅਗਵਾਈ ਹੇਠ ਪੁਲੀਸ ਬੁਲਡੋਜ਼ਰ ਲੈ ਕੇ ਪਿੰਡ ਨਾਰੰਗਵਾਲ ਪਹੁੰਚੀ ਅਤੇ ਤਸਕਰ ਜੋੜੇ ਬਲਵੰਤ ਸਿੰਘ ਕਾਕਾ ਅਤੇ ਕੁਲਬੀਰ ਕੌਰ ਦੇ ਘਰ ਨੂੰ ਢਾਹ ਦਿੱਤਾ। ਸਰਪੰਚ ਮਨਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਉਨ੍ਹਾਂ ਨੂੰ ਫ਼ੋਨ ਕਰਕੇ ਘਟਨਾ ਬਾਰੇ ਜਾਣਕਾਰੀ ਲਈ।
ਮੌਕੇ ’ਤੇ ਮੌਜੂਦ ਐੱਸਐੱਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਵੀਰਵਾਰ ਸਵੇਰੇ ਪੁਲੀਸ ਨੇ ਤਨਵੀਰ ਨਾਮ ਦੇ ਨਸ਼ਾ ਤਸਕਰ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਤਨਵੀਰ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ, ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਨਾਰੰਗਵਾਲ ਦੇ ਨਸ਼ਾ ਤਸਕਰਾਂ ਬਲਵੰਤ ਸਿੰਘ ਕਾਕਾ ਅਤੇ ਕੁਲਬੀਰ ਕੌਰ ਤੋਂ ਨਸ਼ੀਲੇ ਪਦਾਰਥ ਖਰੀਦਦਾ ਸੀ ਅਤੇ ਫਿਰ ਉਨ੍ਹਾਂ ਨੂੰ ਅੱਗੇ ਵੇਚਦਾ ਸੀ।
ਇਸ ਮਾਮਲੇ ਵਿੱਚ ਬਲਵੰਤ ਸਿੰਘ ਅਤੇ ਕੁਲਬੀਰ ਕੌਰ ਨੂੰ ਨਾਮਜ਼ਦ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਘਰ ’ਤੇ ਬੁਲਡੋਜ਼ਰ ਚਲਾਇਆ ਗਿਆ ਸੀ। ਦੋਵਾਂ ਵਿਰੁੱਧ ਪਹਿਲਾਂ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਈ ਮਾਮਲੇ ਦਰਜ ਹਨ। ਐੱਸਐੱਸਪੀ ਅਨੁਸਾਰ ਜਿਸ ਘਰ ਨੂੰ ਢਾਹਿਆ ਗਿਆ ਹੈ, ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਕਮਾਏ ਪੈਸੇ ਨਾਲ ਬਣਾਇਆ ਗਿਆ ਸੀ।
ਪਿੰਡ ਨਾਰੰਗਵਾਲ ਦੀ ਪੰਚਾਇਤ ਨੇ ਦੋਵਾਂ ਖ਼ਿਲਾਫ਼ ਜੋਧਾਂ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਸਰਪੰਚ ਮਨਜਿੰਦਰ ਸਿੰਘ ਗਰੇਵਾਲ ਨੇ ਵੀ ਮੁੱਖ ਮੰਤਰੀ ਨੂੰ ਸ਼ਿਕਾਇਤ ਭੇਜੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸ਼ਾਮ ਨੂੰ ਸਰਪੰਚ ਮਨਜਿੰਦਰ ਸਿੰਘ ਗਰੇਵਾਲ ਨਾਲ ਗੱਲ ਕੀਤੀ ਅਤੇ ਕੁਝ ਘੰਟਿਆਂ ਬਾਅਦ ਤਸਕਰ ਜੋੜੇ ਦੇ ਘਰ ’ਤੇ ਬੁਲਡੋਜ਼ਰ ਚਲਾਇਆ ਗਿਆ।