ਦਿੱਲੀ ਅਸੈਂਬਲੀ ਦੇ ਸਪੀਕਰ ਵਿਜੈਂਦਰ ਗੁਪਤਾ ਨੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਸਣੇ ਆਮ ਆਦਮੀ ਪਾਰਟੀ ਦੇ 14 ਵਿਧਾਇਕਾਂ ਨੂੰ ਪੂਰੇ ਦਿਨ ਲਈ ਮੁਅੱਤਲ ਕਰ ਦਿੱਤਾ ਹੈ।
‘ਆਪ’ ਵਿਧਾਇਕ ਸੰਵਿਧਾਨ ਨਿਰਮਾਤਾ ਬੀਆਰ ਅੰਬੇਡਕਰ ਦੀ ਤਸਵੀਰ ਮੁੱਖ ਮੰਤਰੀ ਦਫ਼ਤਰ ’ਚੋਂ ਹਟਾਉਣ ਖਿਲਾਫ਼ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੇ ਸੰਬੋਧਨ ਦੌਰਾਨ ਨਾਅਰੇਬਾਜ਼ੀ ਕਰ ਰਹੇ ਸਨ।
ਮੁਅੱਤਲ ਕੀਤੇ ‘ਆਪ’ ਵਿਧਾਇਕਾਂ ਵਿਚ ਆਤਿਸ਼ੀ, ਗੋਪਾਲ ਰਾਏ, ਵੀਰ ਸਿੰਘ ਧੀਂਗਾਨ, ਮੁਕੇਸ਼ ਅਹਿਲਾਵਤ, ਚੌਧਰੀ ਜ਼ੁਬੇਰ ਅਹਿਮਦ, ਅਨਿਲ ਝਾਅ, ਵਿਸ਼ੇਸ਼ ਰਵੀ, ਜਰਨੈਲ ਸਿੰਘ, ਸੋਮ ਦੱਤ, ਸੁਰੇਂਦਰ ਸਿੰਘ, ਵੀਰੇਂਦਰ ਸਿੰਘ ਕਾਦੀਆਂ, ਕੁਲਦੀਪ ਕੁਮਾਰ, ਅਜੈ ਦੱਤ ਅਤੇ ਇਮਰਾਨ ਹੁਸੈਨ ਸ਼ਾਮਲ ਹਨ।
ਆਤਿਸ਼ੀ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਬਾਬਾਸਾਹਿਬ ਦੀ ਤਸਵੀਰ ਹਟਾ ਕੇ ਸੰਵਿਧਾਨ ਨਿਰਮਾਤਾ ਦਾ ਨਿਰਾਦਰ ਕੀਤਾ ਹੈ। ਆਤਿਸ਼ੀ ਨੇ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਭਾਜਪਾ ਨੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਹਟਾ ਕੇ ਆਪਣਾ ਅਸਲੀ ਰੰਗ ਦਿਖਾ ਦਿੱਤਾ ਹੈ। ਕੀ ਇਹ(ਭਾਜਪਾ) ਮੰਨਦੀ ਹੈ ਕਿ ਮੋਦੀ ਬਾਬਾਸਾਹਿਬ ਦੀ ਥਾਂ ਲੈ ਸਕਦੇ ਹਨ?’’
ਆਤਿਸ਼ੀ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਦਿੱਲੀ ਸਕੱਤਰੇਤ ਤੇ ਅਸੈਂਬਲੀ ਵਿਚਲੇ ਦਫ਼ਤਰਾਂ ’ਚੋਂ ਅੰਬੇਡਕਰ ਦੀ ਤਸਵੀਰ ਹਟਾਈ ਹੈ। ਮੁਅੱਤਲ ਕੀਤੇ ‘ਆਪ’ ਵਿਧਾਇਕਾਂ ਨੇ ਅਸੈਂਬਲੀ ਦੇ ਬਾਹਰ ਅੰਬੇਡਕਰ ਦੀ ਤਸਵੀਰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਵਿਧਾਇਕਾਂ ਨੇ ‘ਬਾਬਾ ਸਾਹਿਬ ਕਾ ਯੇ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ’’ ਦੇ ਨਾਅਰੇ ਵੀ ਲਾਏ।