ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਇੱਥੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰੇਖਾ ਗੁਪਤਾ ਨੇ ਰਾਸ਼ਟਰਪਤੀ ਮੁਰਮੂ ਨੂੰ ਗੁਲਦਸਤਾ ਭੇਂਟ ਕੀਤਾ। ਰਾਸ਼ਟਰਪਤੀ ਸਕੱਤਰੇਤ ਨੇ ਇਸ ਮੁਲਾਕਾਤ ਦੀ ਫੋਟੋ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਗੁਪਤਾ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ।
ਦੱਸ ਦੇਈਏ ਕਿ ਦਿੱਲੀ ’ਚ ਭਾਜਪਾ ਸਰਕਾਰ ਦੇ ਸਹੁੰ ਚੁੱਕਣ ਦੇ 4 ਘੰਟਿਆਂ ਬਾਅਦ ਹੀ ਮੰਤਰੀਆਂ ਵਿਚਾਲੇ ਵਿਭਾਗਾਂ ਦੀ ਵੰਡ ਕਰ ਦਿੱਤੀ ਗਈ। ਮੁੱਖ ਮੰਤਰੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਖੁਦ ਆਪਣੇ ਕੋਲ ਵਿੱਤ ਵਿਭਾਗ ਸਮੇਤ ਕਈ ਵਿਭਾਗ ਰੱਖੇ ਹਨ। ਇਸ ਤੋਂ ਇਲਾਵਾ 8 ਵਿਭਾਗ ਹੋਰ ਆਪਣੇ ਕੋਲ ਰੱਖੇ ਹਨ। ਉੱਥੇ ਹੀ ਅਰਵਿੰਦ ਕੇਜਰੀਵਾਲ ਨੂੰ ਨਵੀਂ ਦਿੱਲੀ ਸੀਟ ਤੋਂ ਹਰਾਉਣ ਵਾਲੇ ਪ੍ਰਵੇਸ਼ ਵਰਮਾ ਨੂੰ ਵੀ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਪ੍ਰਵੇਸ਼ ਵਰਮਾ ਨੂੰ PWD (ਪਬਲਿਕ ਵਰਕਸ ਵਿਭਾਗ), ਵਿਧਾਨਕ ਮਾਮਲੇ, ਸਿੰਚਾਈ ਅਤੇ ਹੜ੍ਹ ਕੰਟਰੋਲ, ਪਾਣੀ, ਗੁਰਦੁਆਰਾ ਚੋਣਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਰੋਹਿਣੀ ਤੋਂ ਚੌਥੀ ਵਾਰ ਜਿੱਤੇ ਸੀਨੀਅਰ ਭਾਜਪਾ ਆਗੂ ਵਿਜੇਂਦਰ ਗੁਪਤਾ ਨੂੰ ਵਿਧਾਨ ਸਭਾ ਸਪੀਕਰ ਅਤੇ ਮੁਸਤਫਾਬਾਦ ਤੋਂ ਵਿਧਾਇਕ ਮੋਹਨ ਸਿੰਘ ਬਿਸ਼ਟ ਨੂੰ ਡਿਪਟੀ ਸਪੀਕਰ ਬਣਾਇਆ ਜਾਵੇਗਾ।