ਨਵੀਂ ਦਿੱਲੀ, 31 ਜੁਲਾਈ (ਦਲਜੀਤ ਸਿੰਘ)- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਸਪੈਸ਼ਲ ਸੈੱਲ ਨੇ ਦੇਸ਼ ਦੇ ਮੋਸਟ ਵਾਂਟੇਡ ਗੈਂਗਸਟਰ ਸੰਦੀਪ ਉਰਫ਼ ਕਾਲਾ ਜਠੇੜੀ ਨੂੰ ਸਹਾਰਨਪੁਰ, ਯੂ.ਪੀ. ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਨੇ ਪੁਲਸ ਹਿਰਾਸਤ ਤੋਂ ਫਰਾਰ ਹੋਣ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ। ਕਾਲਾ ਜਠੇੜੀ ‘ਤੇ 7 ਲੱਖ ਦਾ ਇਨਾਮ ਹੈ। ਗੈਂਗਸਰ ‘ਤੇ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਪੰਜਾਬ ‘ਚ ਕਈ ਮਾਮਲੇ ਦਰਜ ਹਨ। ਉੱਥੇ ਹੀ ਜਠੇੜੀ ਦੇ ਗੈਂਗ ‘ਚ 200 ਤੋਂ ਵੱਧ ਸ਼ੂਟਰ ਸ਼ਾਮਲ ਹਨ। ਇਸ ਦੇ ਜ਼ਿਆਦਾਤਰ ਸ਼ੂਟਰ ਵਿਦੇਸ਼ ‘ਚ ਹਨ ਅਤੇ ਉੱਥੇ ਬੈਠ ਕੇ ਇਸ ਗਿਰੋਹ ਨੂੰ ਚਲਾ ਰਹੇ ਹਨ। ਸਪੈਸ਼ਲ ਸੈੱਲ ਦੇ ਡੀ.ਸੀ.ਪੀ. ਮਨੀਸ਼ੀ ਚੰਦਰਾ ਨੇ ਦੱਸਿਆ ਕਿ ਟੀਮ ਕਾਫ਼ੀ ਲੰਬੇ ਸਮੇਂ ਤੋਂ ਕਾਲਾ ਜਠੇੜੀ ਦੇ ਪਿੱਛੇ ਲੱਗੀ ਹੋਈ ਸੀ। ਇਸ ਦੌਰਾਨ ਟੀਮ ਨੇ ਟੈਕਨੀਕਲ ਸਰਵਿਲਾਂਸ ਦੀ ਮਦਦ ਨਾਲ ਸਹਾਰਨਪੁਰ ਤੋਂ ਸ਼ੁੱਕਰਵਾਰ ਨੂੰ ਕਾਲਾ ਜਠੇੜੀ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨੇ ਪੁਲਸ ਤੋਂ ਬਚ ਕੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਸ ਨੂੰ ਪਿਸਟਲ ਨਾਲ ਮੌਕੇ ‘ਤੇ ਹੀ ਫੜ ਲਿਆ। ਫਿਲਹਾਲ ਸਪੈਸ਼ਲ ਸੈੱਲ ਦੀ ਟੀਮ ਜਠੇੜੀ ਤੋਂ ਪੁੱਛ-ਗਿੱਛ ਕਰ ਰਹੀ ਹੈ।
12ਵੀਂ ਤੱਕ ਪੜ੍ਹਿਆ ਕਾਲਾ ਪਹਿਲਾਂ ਕੇਬਲ ਆਪਰੇਟਰ ਸੀ। ਜੂਨ 2009 ‘ਚ ਉਸ ਨੇ ਰੋਹਤਕ ਦੇ ਸਾਂਪਲਾ ‘ਚ ਲੁੱਟ ਦੌਰਾਨ ਪਹਿਲਾ ਕਤਲ ਕੀਤਾ ਸੀ। ਕਾਲਾ ਪਹਿਲਾਂ ਲਾਰੇਂਸ ਬਿਸ਼ਨੋਈ ਗੈਂਗ ਲਈ ਕੰਮ ਕਰਦਾ ਸੀ ਪਰ ਹੁਣ ਉਹ ਖ਼ੁਦ ਦਾ ਗੈਂਗ ਚਲਾਉਂਦਾ ਸੀ। ਇਸ ਗਿਰੋਹ ਨੂੰ ਕਾਲਾ ਜਠੇੜੀ ਅਤੇ ਲਾਰੇਂਸ ਬਿਸ਼ਨੋਈ ਕਿਹਾ ਜਾਂਦਾ ਹੈ। ਪੁਲਸ ਦੀ ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਲਾ ਨੇਪਾਲ ਦੇ ਰਸਤੇ ਥਾਈਲੈਂਡ ਵੱਲ ਦੌੜਿਆ ਸੀ। ਪੁਲਸ ਅਨੁਸਾਰ ਤਾਂ ਕਾਲਾ ਦਾ ਗੈਂਗ ਹਾਲੇ ਐੱਨ.ਸੀ.ਆਰ. ‘ਚ ਸਭ ਤੋਂ ਵੱਡਾ ਗੈਂਗ ਹੈ। ਇਸ ਗਿਰੋਹ ‘ਤੇ ਕਤਲ, ਕਤਲ ਦੀ ਕੋਸ਼ਿਸ਼, ਰਿਸ਼ਵਤ, ਲੁੱਟ ਅਤੇ ਡਕੈਤੀ ਦੇ ਦਰਜਨਾਂ ਮਾਮਲਿਆਂ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਕਾਲਾ ਦੀ ਗ੍ਰਿਫ਼ਤਾਰੀ ‘ਤੇ ਵੱਖ-ਵੱਖ ਸੂਬਿਆਂ ਦੀ ਪੁਲਸ ਵਲੋਂ 7 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਗਿਆ ਸੀ।