Punjab News – Giani Harpreet Singh: ਸਾਬਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨੌਜਵਾਨ ਵਰਗ ਨੂੰ ਪੰਥਕ ਸਿਆਸਤ ’ਚ ਸਰਗਰਮੀ ਨਾਲ ਕੁੱਦਣ ਦਾ ਹੋਕਾ ਦਿੱਤਾ ਹੈ। ਉਹ ਅੱਜ ਇੱਥੇ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ ਦੇ ਯਤਨਾਂ ਸਦਕਾ ਹਲਕੇ ਦੇ ਵੱਡੇ ਪਿੰਡ ਭੁੱਨਰਹੇੜੀ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਦੌਰਾਨ ਹੀ ਉਨ੍ਹਾਂ ਨੇ ਬਿਨਾਂ ਨਾਂ ਲਿਆਂ ਇੱਕ ਅਕਾਲੀ ਧੜੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਵੀ ਲਾਏ ਅਤੇ ਆਖਿਆ ਕਿ ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੇ ਕਦੇ ਸੁੱਖ ਨਹੀਂ ਭੋਗਿਆ ਤੇ ਨਾ ਹੀ ਅਜਿਹੇ ਅਨਸਰਾਂ ਨੂੰ ਸਿੱਖ ਕੌਮ ਅਤੇ ਪੰਥ ਨੇ ਕਦੇ ਮੁਆਫ ਹੀ ਕੀਤਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਇਤਿਹਾਸ ਗਵਾਹ ਹੈ ਕਿ ਪਿਛਲੇ ਸਮੇਂ ਦੌਰਾਨ ਗੁਰੂ ਸਾਹਿਬਾਨ ਜਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਣ ਵਾਲੇ ਹੁਕਮਾਂ/ਆਦੇਸ਼ਾਂ ਦੀ ਸਿੱਖ ਸੰਗਤ ਅਤੇ ਸਿੱਖ ਪਾਲਣਾ ਕਰਦਾ ਆਇਆ ਹੈ।
ਗ਼ੌਰਤਲਬ ਹੈ ਕਿ ਸਾਬਕਾ ਸੰਸਦ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਪਹਿਲਾਂ ਹੀ ਕੀਤੇ ਗਏ ਐਲਾਨ ਦੇ ਮੁਤਾਬਕ ਅੱਜ ਦਾ ਇਹ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਦੀ ਆਨ ਤੇ ਸ਼ਾਨ ਨੂੰ ਬਹਾਲ ਕਰਨ ਅਤੇ ਖਿੰਡੀ-ਪੁੰਡੀ ਸਿੱਖ ਸ਼ਕਤੀ ਨੂੰ ਇੱਕਜੁੱਟ ਕਰਨ ਦੀ ਮੁਹਿੰਮ ਦਾ ਆਗਾਜ਼ ਹੈ। ਸਮਾਗਮ ਨੂੰ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਰੱਖੜਾ, ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਜਰਨੈਲ ਸਿੰਘ ਕਰਤਾਰਪੁਰ ਤੇ ਜਗਜੀਤ ਸਿੰਘ ਕੋਹਲੀ ਸਮੇਤ ਕਈ ਹੋਰਨਾਂ ਨੇ ਵੀ ਸੰਬੋਧਨ ਕੀਤਾ।