ਗੁਰਦਾਸਪੁਰ : ਭਾਰਤੀਆਂ ਨੂੰ ਅਮਰੀਕਾ ਤੋਂ ਲਗਾਤਾਰ ਡਿਪੋਰਟ ਕਰਕੇ ਭਾਰਤ ਭੇਜਿਆ ਜਾ ਰਿਹਾ ਹੈ। ਐਤਵਾਰ ਦੇਰ ਰਾਤ ਵੀ ਅਮਰੀਕਾ ਤੋਂ 112 ਭਾਰਤੀਆਂ ਨੂੰ ਲੈ ਕੇ ਇੱਕ ਅਮਰੀਕੀ ਜਹਾਜ਼ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਪਹੁੰਚਿਆ। ਇਸ ਫਲਾਈਟ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੰਗਲ ਲਮੀਨ ਦੇ ਗੁਰਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵੀ ਡਿਪੋਰਟ ਹੋਣ ਤੋਂ ਬਾਅਦ ਵਾਪਸ ਆ ਗਿਆ ਹੈ। ਪੁੱਤਰ ਦੇ ਡਿਪੋਰਟ ਹੋਣ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਾਲਾਂਕਿ, ਇਹ ਵੀ ਰਾਹਤ ਦੀ ਗੱਲ ਹੈ ਕਿ ਉਹ ਸੁਰੱਖਿਅਤ ਘਰ ਵਾਪਸ ਆ ਗਿਆ।
ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਏਜੰਟ ਨੂੰ ਡੰਕੀ ਰਾਹੀਂ ਅਮਰੀਕਾ ਜਾਣ ਲਈ 50 ਲੱਖ ਰੁਪਏ ਦਿੱਤੇ ਸਨ। ਇਸ ਲਈ ਉਸਨੇ ਡੇਢ ਏਕੜ ਜ਼ਮੀਨ ਵੇਚੀ ਤੇ ਦਸ ਲੱਖ ਰੁਪਏ ਦਾ ਕਰਜ਼ਾ ਲਿਆ। ਉਹ ਵੱਡੇ ਸੁਪਨੇ ਲੈ ਕੇ ਘਰੋਂ ਨਿਕਲਿਆ ਸੀ ਪਰ ਉਹ ਸਾਰੇ ਚਕਨਾਚੂਰ ਹੋ ਗਏ। ਉਸਨੇ ਦੱਸਿਆ ਕਿ ਉਹ 22 ਸਤੰਬਰ ਨੂੰ ਘਰੋਂ ਅਮਰੀਕਾ ਲਈ ਰਵਾਨਾ ਹੋਇਆ ਸੀ। ਏਜੰਟ ਨੇ ਉਸਨੂੰ ਇਹ ਕਹਿ ਕੇ ਧੋਖਾ ਦਿੱਤਾ ਸੀ ਕਿ ਉਸਨੂੰ ਜਹਾਜ਼ ਰਾਹੀਂ ਅਮਰੀਕਾ ਭੇਜਿਆ ਜਾਵੇਗਾ ਪਰ ਫਿਰ ਉਸਨੂੰ ਪਨਾਮਾ ਦੇ ਜੰਗਲ ਰਾਹੀਂ ਅਮਰੀਕੀ ਸਰਹੱਦ ਪਾਰ ਕਰਨ ਲਈ ਮਜ਼ਬੂਰ ਕੀਤਾ ਗਿਆ। ਉਹ ਗੁਆਨਾ, ਬ੍ਰਾਜ਼ੀਲ ਅਤੇ ਕੋਲੰਬੀਆ ਹੁੰਦੇ ਹੋਏ ਪਨਾਮਾ ਦੇ ਜੰਗਲ ਰਾਹੀਂ 1 ਫਰਵਰੀ ਨੂੰ ਅਮਰੀਕੀ ਸਰਹੱਦ ’ਤੇ ਪਹੁੰਚਿਆ। ਜਿਵੇਂ ਹੀ ਉਹ ਉੱਥੇ ਪਹੁੰਚਿਆ ਉਸਨੂੰ ਅਮਰੀਕੀ ਬਾਰਡਰ ਪੈਟਰੋਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਉਸਨੂੰ 14 ਦਿਨਾਂ ਤੱਕ ਫ਼ੌਜੀ ਕੈਂਪ ਵਿਚ ਰੱਖਣ ਤੋਂ ਬਾਅਦ 14 ਫਰਵਰੀ ਨੂੰ ਡਿਪੋਰਟ ਕਰ ਦਿੱਤਾ ਗਿਆ। ਉਸਨੇ ਦੱਸਿਆ ਕਿ ਪਨਾਮਾ ਜੰਗਲ ਪਾਰ ਕਰਦੇ ਸਮੇਂ ਉਸਦੇ ਗਰੁੱਪ ’ਚ 23 ਲੋਕ ਸਨ। ਜੰਗਲਾਂ ’ਚ ਡੌਂਕਰ ਉਨ੍ਹਾਂ ਨਾਲ ਬਹੁਤ ਬੁਰਾ ਸਲੂਕ ਕਰਦੇ ਸਨ। ਉਹ ਦੋ ਦਿਨ ਜੰਗਲ ’ਚ ਰਿਹਾ ਜਿੱਥੇ ਉਹ ਪਹਾੜਾਂ ਅਤੇ ਨਦੀਆਂ ਨੂੰ ਪਾਰ ਕਰਦਾ ਹੋਇਆ ਅਮਰੀਕੀ ਸਰਹੱਦ ’ਤੇ ਪਹੁੰਚਿਆ। ਉਸਨੇ ਇੱਕ ਛੋਟੀ ਕਿਸ਼ਤੀ ’ਚ ਨਦੀਆਂ ਪਾਰ ਕੀਤੀਆਂ। ਉਸਨੇ ਆਪਣੀ ਜਾਨ ਜ਼ੋਖ਼ਮ ’ਚ ਪਾ ਕੇ ਜੰਗਲ ਪਾਰ ਕੀਤਾ। ਉਸਨੇ ਇਸਦੀ ਵੀਡੀਓ ਵੀ ਬਣਾਈ। ਰਸਤੇ ’ਚ, ਉਨ੍ਹਾਂ ਨੂੰ ਖਾਣ ਲਈ ਸਿਰਫ਼ ਚਿਪਸ ਅਤੇ ਪੀਣ ਲਈ ਗੰਦਾ ਪਾਣੀ ਮਿਲਿਆ।