ਮੋਗਾ, 8 ਜਨਵਰੀ (ਬਿਊਰੋ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੈ ਕੇ ਜਿੱਥੇ ਸੂਬੇ ਭਰ ਵਿਚ ਸੱਤਾਧਾਰੀ ਕਾਂਗਰਸ ਵਿਰੋਧੀ ਸਿਆਸੀ ਧਿਰਾਂ ਨੇ ਆਪਣੇ ਬਹੁਤੇ ਉਮੀਦਵਾਰਾਂ ਦਾ ਐਲਾਨ ਕਰ ਕੇ ਅਗੇਤੀ ਚੋਣ ਮੁਹਿੰਮ ਵਿੱਢ ਦਿੱਤੀ ਹੈ, ਉੱਥੇ ਦੂਜੇ ਪਾਸੇ ਸੂਬੇ ਦੀ ਹੁਕਮਰਾਨ ਧਿਰ ਨੇ ਇਸ ਵਾਰ ਵੀ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੀ ਆਗਾਜ਼ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਤੋਂ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ 15 ਜਨਵਰੀ ਨੂੰ ਆਲ ਇੰਡੀਆਂ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਰੈਲੀ ਕਰਨ ਲਈ ਪੁੱਜ ਰਹੇ ਹਨ। ਬੀਤੀ ਦੇਰ ਸ਼ਾਮ ਜਿਉਂ ਹੀ ਰੈਲੀ ਦੀ ਤਾਰੀਖ਼ ਫਾਈਨਲ ਕੀਤੀ ਗਈ ਤਾਂ ਤੁਰੰਤ ਕਾਂਗਰਸੀ ਆਗੂਆਂ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਰਟੀ ਨੇ 3 ਜਨਵਰੀ ਨੂੰ ਰੈਲੀ ਦਾ ਪ੍ਰੋਗਰਾਮ ਉਲੀਕਿਆਂ ਸੀ ਪਰ ਫ਼ਿਰ ਇਸ ਨੂੰ ਮੁਲਤਵੀਂ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਦੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਵੀ ਪਾਰਟੀ ਵੱਲੋਂ ਮੋਗਾ ਦੇ ਪਿੰਡ ਕਿੱਲੀ ਚਹਿਲਾਂ ਦੀ ਧਰਤੀ ਤੋਂ ਕੀਤੀ ਗਈ ਸੀ।
ਇਸ ਮਗਰੋਂ ਦੇਸ਼ ਭਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਦੇ ਬਾਵਜੂਦ ਕਾਂਗਰਸ ਨੂੰ ਸੂਬੇ ਦੀਆਂ 13 ਵਿਚੋਂ 8 ਸੀਟਾਂ ’ਤੇ ਜਿੱਤ ਪ੍ਰਾਪਤ ਹੋਈ ਸੀ। ਜ਼ਿਲ੍ਹਾ ਕਾਂਗਰਸ ਕਮੇਟੀ ਮੋਗਾ ਦੇ ਪ੍ਰਧਾਨ ਕਮਲਜੀਤ ਸਿੰਘ ਬਰਾੜ ਨੇ ਸੰਪਰਕ ਕਰਨ ’ਤੇ ਰੈਲੀ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਇਸ ਰੈਲੀ ਵਿਚ 2 ਲੱਖ ਪੰਜਾਬੀਆਂ ਦਾ ਇਕੱਠ ਹੋਵੇਗਾ, ਜੋ ਮੁੜ ਤੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਲਿਆਉਣ ਦਾ ਮੁੱਢ ਬੰਨ੍ਹੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਮੁੱਚੇ ਲੋਕ ਸਭਾ, ਰਾਜ ਸਭਾ ਮੈਂਬਰਾਂ ਤੋਂ ਇਲਾਵਾ ਪਾਰਟੀ ਵਿਧਾਇਕ ’ਤੇ ਹੋਰ ਕੌਮੀ ਆਗੂ ਰੈਲੀ ਵਿਚ ਸ਼ਿਰੱਕਤ ਕਰ ਰਹੇ ਹਨ।