ਚੰਡੀਗੜ੍ਹ : ਸਨਸਨੀਖੇਜ਼ ਬਠਿੰਡਾ ਕਤਲ ਕੇਸ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ ਪੰਜਾਬ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਬਠਿੰਡਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮ੍ਰਿਤਕ ਅਪਰਾਧੀ ਓਵਰਸੀਅਰ ਸਿੰਘ ਉਰਫ਼ ਸਤਿੰਦਰ ਸਿੰਘ ਉਰਫ਼ ਸੱਤੀ ਦੇ ਦੋ ਸਾਥੀਆਂ ਨੂੰ ਕਰਾਸ-ਐਫਆਈਆਰ ਵਿੱਚ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ .32 ਬੋਰ ਪਿਸਤੌਲਾਂ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਦੱਸਣਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਲਖਵਿੰਦਰ ਸਿੰਘ ਗਿੱਲ, ਵਾਸੀ ਪਿੰਡ ਬੁਰਜ, ਬਠਿੰਡਾ ਅਤੇ ਅਵਤਾਰ ਸਿੰਘ ਉਰਫ਼ ਢਿੱਲੋਂ, ਵਾਸੀ ਪਿੰਡ ਭਾਈ ਰੂਪਾ, ਵਜੋਂ ਹੋਈ ਹੈ।
ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਗੁਰਪ੍ਰੀਤ ਸੇਖੋਂ ਗੈਂਗ ਦੇ ਚਾਰ ਸਾਥੀਆਂ ਨੂੰ ਓਵਰਸੀਅਰ ਸਿੰਘ ਉਰਫ਼ ਸਤਿੰਦਰ ਸਿੰਘ ਉਰਫ਼ ਸੱਤੀ ਦੇ ਸਨਸਨੀਖੇਜ਼ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ .32 ਬੋਰ ਪਿਸਤੌਲ ਅਤੇ ਛੇ ਕਾਰਤੂਸ ਬਰਾਮਦ ਕਰਨ ਤੋਂ ਦੋ ਦਿਨ ਬਾਅਦ ਅਮਲ ਵਿੱਚ ਲਿਆਂਦੀ ਗਈ। ਜਾਣਕਾਰੀ ਅਨੁਸਾਰ ਬਠਿੰਡਾ ਦੇ ਭਾਈ ਰੂਪਾ ਦੇ ਓਵਰਸੀਅਰ ਸਿੰਘ, ਜਿਸਦਾ ਕਿ ਪੁਰਾਣਾ ਅਪਰਾਧਿਕ ਰਿਕਾਰਡ ਸੀ, ਨੂੰ ਇਸ ਸਾਲ 5 ਫਰਵਰੀ ਨੂੰ ਸਵੇਰੇ 4 ਵਜੇ ਦੇ ਕਰੀਬ ਨਿੱਜੀ ਦੁਸ਼ਮਣੀ ਕਾਰਨ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਉਨ੍ਹਾਂ ਦੇ ਗੁਆਂਢੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।