ਚੰਡੀਗੜ੍ਹ : ਫਰਵਰੀ ਮਹੀਨੇ ‘ਚ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕਦੇ ਕੜਾਕੇ ਦੀ ਧੁੱਪ ਨਿਕਲਣ ਕਾਰਨ ਗਰਮੀ ਲੱਗਣ ਲੱਗ ਜਾਂਦੀ ਹੈ ਤਾਂ ਕਦੇ ਬੱਦਲਾਂ ਦੇ ਕਾਰਨ ਠੰਡ ਦਾ ਅਹਿਸਾਸ ਹੁੰਦਾ ਹੈ। ਫਿਲਹਾਲ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਅੰਦਾਜ਼ਾ ਹੈ ਕਿ 19, 20 ਅਤੇ 21 ਫਰਵਰੀ ਨੂੰ ਇਕ ਵਾਰ ਫਿਰ ਤੋਂ ਮੌਸਮ ’ਚ ਵੱਡੀ ਤਬਦੀਲੀ ਆ ਸਕਦੀ ਹੈ।
ਇਸ ਦੌਰਾਨ ਬੱਦਲਵਾਈ ਛਾਏ ਰਹਿਣ ਦੇ ਨਾਲ-ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਬੀਤੇ ਐਤਵਾਰ ਨੂੰ ਮੌਸਮ ’ਚ ਇਕ ਵਾਰ ਫਿਰ ਤੋਂ ਬਦਲਾਅ ਆਇਆ ਅਤੇ ਸ਼ਹਿਰ ਦੇ ਕੁੱਝ ਹਿਸਿਆਂ ’ਚ ਹਲਕੀ ਬੂੰਦਾਬਾਂਦੀ ਵੀ ਹੋਈ। ਸਵੇਰ ਤੋਂ ਹੀ ਅਸਮਾਨ ’ਚ ਬੱਦਲਾਂ ਨੇ ਡੇਰੇ ਲਾ ਲਏ। ਪੂਰੇ ਦਿਨ ’ਚ ਕਈ ਵਾਰ ਬਾਰਸ਼ ਪੈਣ ਦੀ ਸੰਭਾਵਨਾ ਵੀ ਬਣੀ ਪਰ ਮੀਂਹ ਨਹੀਂ ਪਿਆ। ਇਸ ਕਾਰਨ ਦਿਨ ਅਤੇ ਰਾਤ ਦੇ ਪਾਰੇ ’ਚ ਇਕ ਵਾਰ ਫਿਰ ਤੋਂ ਗਿਰਾਵਟ ਦਰਜ ਕੀਤੀ ਗਈ।
ਦਿਨ ਦਾ ਪਾਰਾ 22.3 ਡਿਗਰੀ ਦਰਜ ਕੀਤਾ ਗਿਆ, ਜੋ ਪਿਛਲੇ 24 ਘੰਟਿਆਂ ’ਚ 6.4 ਡਿਗਰੀ ਹੇਠਾਂ ਡਿਗਿਆ। ਦੂਜੇ ਪਾਸੇ ਰਾਤ ਦਾ ਪਾਰਾ 10.4 ਡਿਗਰੀ ਰਿਹਾ, ਜੋ ਸ਼ਨੀਵਾਰ ਦੇ ਮੁਕਾਬਲੇ 1.6 ਡਿਗਰੀ ਹੇਠਾਂ ਦਰਜ ਕੀਤਾ ਗਿਆ। ਇਸ ਕਾਰਨ ਲੋਕਾਂ ਨੂੰ ਇਕ ਵਾਰ ਫਿਰ ਤੋਂ ਠੰਡ ਦਾ ਅਹਿਸਾਸ ਹੋਇਆ। ਹਾਲਾਂਕਿ ਪਿਛਲੇ ਕੁੱਝ ਦਿਨਾਂ ਤੋਂ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਸੀ ਪਰ ਪਿਛਲੇ 2 ਦਿਨਾਂ ਤੋਂ ਮੌਸਮ ’ਚ ਫਿਰ ਤਬਦੀਲੀ ਆਈ ਹੈ।