ਚੰਡੀਗੜ੍ਹ : ਅੱਜ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਚੰਡੀਗੜ੍ਹ ਵਿੱਚ ਹੋਈ। ਇਸ ਮੀਟਿੰਗ ਤੋਂ ਬਾਅਦ ਇਸ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ ਗਈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਸਾਲ 2025 ਦੀ ਇਹ ਪਹਿਲੀ ਮੀਟਿੰਗ ਚੰਡੀਗੜ੍ਹ ਦੇ ਸਿਵਲ ਸਕੱਤਰੇਤ ਵਿੱਚ ਹੋਈ। ਇਸ ਬੈਠਕ ਵਿਚ ਕਈ ਵੱਡੇ ਫੈਸਲੇ ਲਏ ਗਏ ਹਨ।
ਇਨ੍ਹਾਂ ਫੈਸਲਿਆਂ ਦੀ ਜਾਣਕਾਰੀ ਵਿੱਤ ਮੰਤਰੀ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ । ਹਰਪਾਲ ਸਿੰਘ ਚੀਮਾ ਨੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਹੈ। ਸੈਸ਼ਨ ਦੀ ਕਾਰਵਾਈ 24 ਅਤੇ 25 ਫਰਵਰੀ ਨੂੰ ਚੱਲੇਗੀ । ਉਨ੍ਹਾਂ ਕਿਹਾ ਕਿ ਪੈਂਡਿੰਗ ਬਿੱਲਾਂ ਨੂੰ ਵੀ ਪਾਸ ਕੀਤਾ ਜਾਵੇਗਾ। ਕੁੱਲ 3 ਹਜ਼ਾਰ ਭਰਤੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਵਿਚੋਂ 2000 ਪੀਟੀਆਈ ਟੀਚਰਾਂ ਦੀ ਭਰਤੀ ਕੀਤੀ ਜਾਵੇਗੀ।
ਸਿਹਤ ਵਿਭਾਗ ਵਿੱਚ 822 ਪੋਸਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। 97 ਰੈਜ਼ੀਡੈਂਟ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ । ਇਸ ਦੇ ਨਾਲ ਹੀ 13 ਸਪੋਰਟਸ ਇੰਜਰੀ ਸਪੈਸ਼ਲਿਸਟ ਡਾਕਟਰਾਂ ਦੀ ਭਰਤੀ ਨੂੰ ਵੀ ਮਨਜ਼ਰੀ ਮਿਲੀ ਹੈ । ਇਸ ਦੇ ਨਾਲ ਹੀ ਡਾਕਟਰਾਂ ਦੀ ਤਨਖਾਹ ਵੀ ਵਧਾਈ ਗਈ ਹੈ । ਇਸ ਤੋਂ ਇਲਾਵਾ ਪੰਜਾਬ ਦੇ ਅੰਦਰ NRI ਲਈ ਸਪੈਸ਼ਲ 6 ਅਦਾਲਤਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਪੀਸੀਪੀਐਸਐਲ ਨੂੰ ਦਿੱਤੀ।
ਐਸਿਡ ਅਟੈਕ ਪੀੜਤਾਂ ਦੀ ਪੈਨਸ਼ਨ ਵਿਚ ਵੀ ਵਾਧਾ ਕੀਤਾ ਗਿਆ ਹੈ। ਪਹਿਲਾਂ ਇਹ ਪੈਨਸ਼ਨ 8000 ਰੁਪਏ ਮਹੀਨਾ ਸੀ ਹੁਣ ਇਸ ਨੂੰ ਵਧਾ ਕੇ 10000 ਰੁਪਏ ਕਰ ਦਿੱਤਾ ਗਿਆ ਹੈ । ਨਾਲ ਹੀ ਚੌਕੀਦਾਰਾਂ ਦੇ ਭੱਤੇ ਵਿਚ ਵੀ ਇਜਾਫਾ ਕੀਤਾ ਗਿਆ ਹੈ ।
ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਚਾਰ ਮਹੀਨਿਆਂ ਤੋਂ ਕੈਬਨਿਟ ਮੀਟਿੰਗ ਨਹੀਂ ਕੀਤੀ। ਇਸ ਤੋਂ ਪਹਿਲਾਂ, ਪੰਜਾਬ ਕੈਬਨਿਟ ਦੀ ਮੀਟਿੰਗ 8 ਅਕਤੂਬਰ 2024 ਨੂੰ ਹੋਈ ਸੀ। ਉਸ ਸਮੇਂ ਕਈ ਮਹੱਤਵਪੂਰਨ ਫੈਸਲੇ ਲਏ ਗਏ ਸਨ।