ਪਟਿਆਲਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੱਦੇ ‘ਤੇ ਕਿਸਾਨਾਂ ਵੱਲੋਂ ਅੱਜ ਮੋਤੀ ਮਹਿਲ ਅੱਗੇ ਪੱਕਾ ਮੋਰਚਾ ਲਾਇਆ ਜਾਣਾ ਹੈ। ਪੱਕਾ ਮੋਰਚਾ ਲਾਉਣ ਲਈ ਜਿੱਥੇ ਕਿਸਾਨ ਇਕੱਤਰ ਹੋਣਾ ਸ਼ੁਰੂ ਹੋ ਰਹੇ ਹਨ, ਉਥੇ ਹੀ ਪੁਲਿਸ ਵੱਲੋਂ ਮੋਤੀ ਮਹਿਲ ਦੇ ਆਸ-ਪਾਸ ਬੈਰੀਕੇਡਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੋਤੀ ਮਹਿਲ ਨੂੰ ਲੱਗਦੀਆਂ ਸੜਕਾਂ ‘ਤੇ ਮਿੱਟੀ ਦੇ ਭਰੇ ਟਿੱਪਰ ਲਗਾ ਦਿੱਤੇ ਗਏ ਹਨ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਦੱਸਣਾ ਬਣਦਾ ਹੈ ਕਿ ਬੀਤੇ ਦਿਨੀ ਰਾਜਪੁਰਾ ਦੇ ਪਿੰਡ ਸੇਰਾ ਵਿਖੇ ਭਾਜਪਾ ਉਮੀਦਵਾਰ ਪਰਨੀਤ ਕੌਰ ਦੇ ਪ੍ਰੋਗਰਾਮ ਦੌਰਾਨ ਵਿਰੋਧ ਕਰਦਿਆਂ ਇਕ ਕਿਸਾਨ ਦੀ ਮੌਤ ਹੋ ਗਈ ਸੀ ਜਿਸ ਸਬੰਧੀ ਪੁਲਿਸ ਵੱਲੋਂ ਭਾਜਪਾ ਆਗੂ ਸਮੇਤ ਕਈਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਕਿਸਾਨਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਆਗੂਆਂ ਵੱਲੋਂ 8 ਮਈ ਨੂੰ ਪਰਨੀਤ ਕੌਰ ਦੀ ਰਿਹਾਇਸ਼ ਮੋਤੀ ਮਹਿਲ ਅੱਗੇ ਪੱਕੇ ਮੋਰਚੇ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਬੁੱਧਵਾਰ ਦੀ ਸਵੇਰ ਮਹਿਲ ਕੋਲ ਸਥਿਤੀ ਤਨਾਪੂਰਨ ਬਣੀ ਹੋਈ ਹੈ। ਪੁਲਿਸ ਵੱਲੋਂ ਕਿਸਾਨ ਨੂੰ ਮਹਿਲ ਵੱਲ ਜਾਣ ਤੋਂ ਰੋਕਣ ਲਈ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।