ਚੰਡੀਗੜ੍ਹ,Punjab News: ਪਟਿਆਲਾ ਦੇ ਲਾਹੌਰੀ ਗੇਟ ਦੇ ਵਾਸੀ ਦੀ ਸ਼ਿਕਾਇਤ ਉਤੇ ਪਟਿਆਲਾ ਸਿਵਲ ਲਾਈਨਜ਼ ਪੁਲੀਸ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ (MoS Ravneet Bittu) ਦੇ ਕਰੀਬੀ ਸਹਿਯੋਗੀ ਰਾਜੇਸ਼ ਅੱਤਰੀ ਨੂੰ ਐਸਸੀ/ਐਸਟੀ ਐਕਟ (SC/ST Act) ਤਹਿਤ ਗ੍ਰਿਫ਼ਤਾਰ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਐਤਵਾਰ ਸ਼ਾਮ ਨੂੰ ਵਟਸਐਪ ‘ਤੇ ਗਲਤੀ ਨਾਲ ਹੋਈ ਕਾਲ ਦੌਰਾਨ ਉਸ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ।
ਡੀਐਸਪੀ ਸਤਨਾਮ ਸਿੰਘ ਨੇ ਕਿਹਾ, “ਸ਼ਿਕਾਇਤਕਰਤਾ ਨੇ ਵਟਸਐਪ ‘ਤੇ ਗ਼ਲਤੀ ਨਾਲ ਅੱਤਰੀ ਦਾ ਨੰਬਰ ਡਾਇਲ ਕੀਤਾ ਅਤੇ ਉਸ ਗੱਲਬਾਤ ਦੌਰਾਨ, ਉਸ (ਅੱਤਰੀ) ਨੇ ਉਸ (ਸ਼ਿਕਾਇਤਕਰਤਾ) ਖ਼ਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।” ਅੱਤਰੀ ਪਟਿਆਲਾ ਦਾ ਰਹਿਣ ਵਾਲਾ ਹੈ।
ਗ੍ਰਿਫ਼ਤਾਰੀ ‘ਤੇ ਪ੍ਰਤੀਕਿਰਿਆ ਕਰਦਿਆਂ ਰਵਨੀਤ ਬਿੱਟੂ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) ‘ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਸੱਤਾ ਤੇ ‘ਨਸ਼ੇ ਵਿਚ ਚੂਰ’ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਬਹੁਤ ਹੀ ਕਰੀਬੀ ਸਾਥੀ ਰਾਜੇਸ਼ ਅੱਤਰੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ ਹੈ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਪੀੜ੍ਹੀ ਦਰ ਪੀੜ੍ਹੀ ਰਿਸ਼ਤਾ ਹੈ।