Video – Punjab News: ਅੰਮ੍ਰਿਤਸਰ ਹਵਾਈ ਅੱਡੇ ਨੇੜਿਓਂ ਤਿੰਨ ਮਸ਼ਕੂਕ ਗ੍ਰਿਫ਼ਤਾਰ

ਅੰਮ੍ਰਿਤਸਰ, ਸਥਾਨਕ ਪੁਲੀਸ ਨੇ ਐਤਵਾਰ ਰਾਤ ਨੂੰ ਦਹਿਸ਼ਤੀ ਮੌਡਿਊਲ ਦਾ ਪਰਦਾਫਾਸ਼ ਕਰਦਿਆਂ ਅੰਮ੍ਰਿਤਸਰ ਹਵਾਈ ਅੱਡੇ ਨੇੜਿਓਂ ਤਿੰਨ ਮਸ਼ਕੂਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਲਵਪ੍ਰੀਤ, ਕਰਨਦੀਪ ਤੇ ਬੂਟਾ ਸਿੰਘ ਵਜੋਂ ਦੱਸੀ ਗਈ ਹੈ।

ਇਨ੍ਹਾਂ ਵਿਚੋਂ ਦੋ ਜਣੇ (ਲਵਪ੍ਰੀਤ ਸਿੰਘ ਤੇ ਬੂਟਾ ਸਿੰਘ) ਮਗਰੋਂ ਏਐੱਸਆਈ ਗੁਰਜੀਤ ਸਿੰਘ ਦਾ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲੀਸ ਫਾਇਰਿੰਗ ਵਿਚ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਰਾਤ 11 ਵਜੇ ਰਾਜਾਸਾਂਸੀ ਇਲਾਕੇ ਦੀ ਦੱਸੀ ਜਾਂਦੀ ਹੈ। ਪੁਲੀਸ ਨੇ ਮਸ਼ਕੂਕਾਂ ਕੋਲੋਂ ਇੱਕ ਏਕੇ47 ਰਾਈਫਲ, ਦੋ ਪਿਸਤੌਲ ਅਤੇ ਕੁਝ ਕਾਰਤੂਸ ਬਰਾਮਦ ਕੀਤੇ ਹਨ।

ਘਟਨਾ ਦਾ ਪਤਾ ਲੱਗਦੇ ਹੀ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਰਨਾਂ ਪੁਲੀਸ ਅਧਿਕਾਰੀਆਂ ਨਾਲ ਮੌਕੇ ’ਤੇ ਪਹੁੰਚ ਗਏ ਸਨ। ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਫ਼ਤਹਿਗੜ੍ਹ ਚੂੜੀਆਂ ਪੁਲੀਸ ਚੌਕੀ ਧਮਾਕੇ ਦੇ ਤਿੰਨ ਮਸ਼ਕੂਕ ਰਾਜਾਸਾਂਸੀ ਇਲਾਕੇ ਵੱਲ ਜਾ ਰਹੇ ਹਨ।

ਪੁਲੀਸ ਨੇ ਫੌਰੀ ਹਰਕਤ ਵਿਚ ਆਉਂਦਿਆਂ ਤਿੰਨਾਂ ਮਸ਼ਕੂਕਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਦੋ ਮਸ਼ਕੂਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਦੀ ਜਵਾਬੀ ਕਾਰਵਾਈ ਵਿਚ ਜ਼ਖ਼ਮੀ ਹੋ ਗਏ।

ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁੱਢਲੀ ਪੁੱਛਗਿਛ ਦੌਰਾਨ ਮਸ਼ਕੂਕਾਂ ਨੇ ਮੰਨਿਆ ਹੈ ਕਿ ਬੀਤੇ ਦਿਨੀਂ ਫਤਿਹਗੜ੍ਹ ਚੂੜੀਆਂ ਰੋਡ ਨੇੜੇ ਬੰਦ ਪਈ ਪੁਲੀਸ ਚੌਕੀ ਕੋਲ ਹੋਇਆ ਧਮਾਕਾ ਵੀ ਇਨ੍ਹਾਂ ਵੱਲੋਂ ਕੀਤਾ ਗਿਆ ਸੀ। ਇਨ੍ਹਾਂ ਨੇ ਪੈਕੇਟ ਵਿੱਚ ਬੰਦ ਕੋਈ ਵਿਸਫੋਟਕ ਸਮੱਗਰੀ ਸੁੱਟੀ ਸੀ, ਜਿਸ ਨਾਲ ਧਮਾਕਾ ਹੋਇਆ।

ਉਨ੍ਹਾਂ ਦੱਸਿਆ ਕਿ ਬੂਟਾ ਸਿੰਘ ਦਾ ਭਰਾ ਦੁਬਈ ਵਿੱਚ ਰਹਿੰਦਾ ਸੀ ਅਤੇ ਉਸ ਦੇ ਸਬੰਧ ਵਿਦੇਸ਼ ਬੈਠੇ ਅਤਿਵਾਦੀਆਂ ਅਤੇ ਗੈਂਗਸਟਰਾਂ ਨਾਲ ਸਨ। ਉਹ ਅੱਗੇ ਉਸ ਦੇ ਸੰਪਰਕ ਵਿੱਚ ਆਏ ਅਤੇ ਪੈਸੇ ਲੈ ਕੇ ਕੰਮ ਕਰ ਰਹੇ ਸਨ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਫਿਲਹਾਲ ਅਗਲੇਰੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *