ਧਰਮਕੋਟ , ਇੱਥੋਂ ਦੇ ਨਜ਼ਦੀਕੀ ਪਿੰਡ ਰੌਲੀ ਪਾਸ ਤਿੰਨ ਕਨਾਲਾਂ ਜ਼ਮੀਨੀ ਵਿਵਾਦ ਨੂੰ ਲੈਕੇ ਇਕ ਧਿਰ ਨੇ ਕਾਰ ਸਵਾਰ ਦੂਜੀ ਧਿਰ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ ਕਾਰ ਵਿੱਚ ਸਵਾਰ ਪਿਉ ਪੁੱਤਰ ਵਾਲ ਵਾਲ ਬਚ ਗਏ। ਜਾਣਕਾਰੀ ਅਨੁਸਾਰ ਘਟਨਾ ਬੀਤੇ ਦਿਨ ਦੇਰ ਸ਼ਾਮ ਵੇਲੇ ਵਾਪਰੀ, ਪੁਲੀਸ ਨੇ ਇਸ ਸਬੰਧੀ ਥਾਣਾ ਮਹਿਣਾ ਵਿਚ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਘਟਨਾ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਘਟਨਾ ਜ਼ਮੀਨੀ ਵਿਵਾਦ ਦੇ ਚਲਦਿਆਂ ਵਾਪਰੀ ਹੈ। ਇਸ ਤੋਂ ਪਹਿਲਾਂ ਪੁਲੀਸ ਨੂੰ ਪ੍ਰਾਪਤ ਸ਼ਿਕਾਇਤ ਅਨੁਸਾਰ 4 ਫ਼ਰਵਰੀ ਨੂੰ ਵੀ ਅਵਤਾਰ ਸਿੰਘ ਨੇ ਜ਼ਮੀਨ ਪਾਸ ਆਕੇ ਹਵਾਈ ਫਾਇਰ ਕੀਤੇ ਸਨ।
ਸ਼ਿਕਾਇਤ ਕਰਤਾਵਾਂ ਅਨੁਸਾਰ ਬੀਤੀ ਸ਼ਾਮ ਜਦੋਂ ਉਹ ਉਕਤ ਜ਼ਮੀਨ ਵੱਲ ਆਪਣੀ ਕਾਰ ਰਾਹੀਂ ਆ ਰਹੇ ਸਨ ਤਾਂ ਦੋ ਵਿਅਕਤੀਆ ਨੇ ਉਨ੍ਹਾਂ ਨੂੰ ਮਾਰ ਦੇਣ ਦੀ ਨੀਅਤ ਨਾਲ ਕਾਰ ਉੱਤੇ ਅੰਧਾਧੁੰਦ ਗੋਲੀਆਂ ਚਲਾ ਦਿੱਤੀਆਂ, ਜਿਸ ਤੋਂ ਬਚਦਿਆਂ ਉਹ ਆਪਣੀ ਕਾਰ ਭਜਾ ਕੇ ਥਾਣੇ ਆ ਗਏ । ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਧਰਮਕੋਟ ਦੇ ਡੀਐਸਪੀ ਰਮਨਦੀਪ ਸਿੰਘ ਵੀ ਮੌਕੇ ਤੇ ਪਹੁੰਚ ਗਏ। ਪੁਲੀਸ ਨੇ ਦੋਹਾਂ ਦੋਸ਼ੀਆਂ ਵਿਰੁੱਧ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਪਾਲ ਸਿੰਘ ਨੇ ਦੱਸਿਆ ਕਿ ਦੂਜੀ ਧਿਰ ਦੇ ਵੀ ਜ਼ਖ਼ਮੀ ਹਾਲਤ ਵਿੱਚ ਅੱਜ ਸਵੇਰੇ ਹਸਪਤਾਲ ਹੋਣ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ।