ਜੈਤੋ, ਨੇੜਲੇ ਪਿੰਡ ਚੰਦਭਾਨ ’ਚ ਬੀਤੇ ਦਿਨ ਹੋਏ ਹਿੰਸਾ ਦੇ ਤਾਂਡਵ ਕਾਰਨ ਲੋਕਾਂ ’ਚ ਫੈਲੇ ਹੋਏ ਡਰ ਨੂੰ ਖਤਮ ਕਰਨ ਦੇ ਮਕਸਦ ਨਾਲ ਅੱਜ ਐਸਪੀ ਜਸਮੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਵੱਲੋਂ ਪਿੰਡ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਡੀਐਸਪੀ ਜੈਤੋ ਸੁਖਦੀਪ ਸਿੰਘ ਅਤੇ ਐਸਐਚਓ ਜੈਤੋ ਰਾਜੇਸ਼ ਕੁਮਾਰ ਵੀ ਮੌਜੂਦ ਸਨ।
ਬੀਤੀ ਸ਼ਾਮ ਹੋਈ ਹਿੰਸਕ ਝੜਪ ਦੇ ਸਬੰਧ ’ਚ ਜੈਤੋ ਪੁਲੀਸ ਨੇ ਅੱਜ ਕੇਸ ਦਰਜ ਕੀਤਾ ਹੈ। ਐਫਆਈਆਰ ਵਿੱਚ ਪਿੰਡ ਦੀ ਮਹਿਲਾ ਸਰਪੰਚ ਅਮਨਦੀਪ ਕੌਰ, ਉਸ ਦੇ ਪਤੀ ਕੁਲਦੀਪ ਸਿੰਘ ਸਮੇਤ ਕਥਿਤ ਤੌਰ ’ਤੇ 41 ਪਛਾਣ ਸਮੇਤ ਅਤੇ 50 ਨਾਮਾਲੂਮ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਘਟਨਾ ਸਥਾਨ ’ਤੇ ਜ਼ਖ਼ਮੀ ਹੋਏ ਅਤੇ ਕੋਟਕਪੂਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਸਹਾਇਕ ਸਬ ਇੰਸਪੈਕਟਰ ਨਛੱਤਰ ਸਿੰਘ ਦੇ ਬਿਆਨਾਂ ’ਤੇ ਇਹ ਪਰਚਾ ਦਰਜ ਹੋਇਆ ਹੈ। ਅਧਿਕਾਰੀ ਅਨੁਸਾਰ ਗਲੀ ’ਚ ਨਾਲੀ ਬਣਾਏ ਜਾਣ ਦੇ ਵਿਵਾਦ ਕਾਰਨ ਸਰਪੰਚ ਤੇ ਉਸ ਦੇ ਪਤੀ ਦੀ ਅਗਵਾਈ ’ਚ ਪਿੰਡ ਦੇ ਕੁੱਝ ਵਿਅਕਤੀਆਂ ਨੇ ਬਠਿੰਡਾ-ਫ਼ਰੀਦਕੋਟ ਸੜਕ ’ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਸੀ। ਐਸਐਚਓ ਜੈਤੋ ਰਾਜੇਸ਼ ਕੁਮਾਰ ਜਦੋਂ ਧਰਨਾਕਾਰੀਆਂ ਕੋਲ ਗੱਲਬਾਤ ਰਾਹੀਂ ਮਾਮਲਾ ਨਿਬੇੜਨ ਦੀ ਪੇਸ਼ਕਸ਼ ਲੈ ਕੇ ਪੁੱਜੇ, ਤਾਂ ਅਗਵਾਈ ਕਰਨ ਵਾਲਿਆਂ ਨੇ ਲੋਕਾਂ ਨੂੰ ਕਥਿਤ ਤੌਰ ’ਤੇ ਉਕਸਾਇਆ ਅਤੇ ਹਿੰਸਾ ਲਈ ਪ੍ਰੇਰਿਆ।
ਦਰਜ ਐਫਆਈਆਰ ਵਿਚ ਕਿਹਾ ਗਿਆ ਹੈ ਕਿ ਭੜਕੀ ਹੋਈ ਭੀੜ ਨੇ ਇੱਟਾਂ-ਰੋੜਿਆਂ ਦੀ ਵਾਛੜ ਕਰਨ ਤੋਂ ਇਲਾਵਾ ਮੀਡੀਆ ਕਰਮਚਾਰੀਆਂ ਅਤੇ ਪੁਲੀਸ ਦੀਆਂ ਗੱਡੀਆਂ ਤੋਂ ਇਲਾਵਾ ਜਾਮ ’ਚ ਫਸੇ ਪ੍ਰਾਈਵੇਟ ਵਾਹਨਾਂ ਦੀ ਵੀ ਭੰਨ-ਤੋੜ ਕੀਤੀ। ਇਸ ਦੌਰਾਨ ਗੱਡੀਆਂ ’ਚ ਪਿਆ ਕੀਮਤੀ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਗਈ ਅਤੇ ਪੁਲੀਸ ਮੁਲਾਜ਼ਮਾਂ ਨੂੰ ਘੇਰ ਕੇ ਸੱਟਾਂ ਮਾਰੀਆਂ ਗਈਆਂ। ਇਸ ਤੋਂ ਇਲਾਵਾ ਪੁਲੀਸ ਮੁਲਾਜ਼ਮਾਂ ਤੋਂ ਅਸਲਾ ਖੋਹਣ ਦੀ ਕੋਸ਼ਿਸ਼ ਅਤੇ ਮਹਿਲਾ ਪੁਲੀਸ ਕਰਮਚਾਰੀਆਂ ਨੂੰ ਅਪਸ਼ਬਦ ਬੋਲ ਕੇ ਬੇਇੱਜ਼ਤ ਕਰਨ ਦੇ ਦੋਸ਼ ਵੀ ਲਾਏ ਗਏ ਹਨ।