ਬਰਨਾਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 28 ਅਕਤੂਬਰ ਨੂੰ ਜਨਰਲ ਇਜਲਾਸ ਦੇ ਐਲਾਨ ਤੋਂ ਬਾਅਦ ਐੱਸਜੀਪੀਸੀ ਦੇ ਪ੍ਰਧਾਨ ਬਣਨ ਦੀ ਹੋੜ ’ਚ ਜਿੱਥੇ ਬੀਬੀ ਜਗੀਰ ਕੌਰ ਬਾਦਲ ਦਲ ਦੇ ਵਿਰੋਧੀਆਂ ਨੂੰ ਮੁੜ੍ ਤੋਂ ਇਕਸੁਰ ਕਰ ਕੇ ਬਾਦਲਾਂ ਵਿਰੁੱਧ ਚੋਣ ਲੜਨ ਦੇ ਰੌਂਅ ’ਚ ਦਿੱਖ ਰਹੀ ਹੈ, ਉੱਥੇ ਹੀ ਮੰਗਲਵਾਰ ਨੂੰ ਸਿਖ਼ਰ ਦੁਪਹਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਤ ਬਲਵੀਰ ਸਿੰਘ ਘੁੰਨਸ ਦੇ ਘਰ ਪਹੁੰਚ ਕੀਤੀ।
ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ’ਚ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਖ਼ਿਲਾਫ਼ ਸੰਤ ਬਲਵੀਰ ਸਿੰਘ ਘੁੰਨਸ ਨੇ ਚੋਣ ਲੜੀ ਸੀ। ਚੋਣਾਂ ਤੋਂ ਬਾਅਦ ਸੰਤ ਘੁੰਨਸ ਦੀ ਕੋਠੀ ਨਾ ਤਾਂ ਬੀਬੀ ਜਗੀਰ ਕੌਰ ਨੇ ਦਸਤਕ ਦਿੱਤੀ ਤੇ ਨਾ ਹੀ ਉਨ੍ਹਾਂ ਦੇ ਬਾਦਲ ਵਿਰੋਧੀ ਸਾਥੀ ਵੱਡੇ ਛੋਟੇ ਪਿਓ-ਪੁੱਤ ਢੀਂਡਸਾ ਦੀ ਜੋੜੀ ਪੁੱਜੀ ਤੇ ਨਾ ਹੀ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਹੋਰ ਕਿਸੇ ਬਾਗੀ ਅਕਾਲੀ ਮਾਝੇ ਤੋਂ ਸੰਤ ਘੁੰਨਸ ਦੀ ਕੋਠੀ ਫ਼ੇਰੀ ਪਾਈ, ਜਿਥੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਸਬੰਧੀ ਜਨਰਲ ਇਜਲਾਸ ਦਾ ਬਿਗਲ ਵੱਜ ਚੁੱਕਾ ਹੈ, ਉੱਥੇ ਹੀ ਪ੍ਰਧਾਨਗੀ ਦੀ ਚੋਣ ਲਈ ਅਕਾਲੀ ਬਾਗੀ ਵਿਰੋਧੀਆਂ ਨੇ ਮੁੜ ਤੋਂ ਸੰਤ ਘੁੰਨਸ ਨੂੰ ਮੋਹਰੀ ਬਣਾਉਣ ਲਈ ਸੋਮਵਾਰ ਦੇਰ ਸ਼ਾਮ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਓਂ ਹੀ ਫ਼ੇਰਾ ਪਾ ਕੇ ਗਈ, ਉਵੇਂ ਹੀ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਗਲੇ ਹੀ ਦਿਨ ਸੰਤ ਘੁੰਨਸ ਦੀ ਕੋਠੀ ਪੁੱਜਦਿਆਂ ਪਰਿਵਾਰਿਕ ਸਾਂਝ ਦਾ ਹਵਾਲਾ ਦੇ ਕੇ ਚਾਹ ਦੀ ਪਿਆਲੀ ਸਾਂਝੀ ਕੀਤੀ।