ਜਲੰਧਰ/ਕਪੂਰਥਲਾ : ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਘਰ Income Tax ਵੱਲੋਂ Raid ਮਾਰੀ ਗਈ ਹੈ। ਵਿਭਾਗ ਵੱਲੋਂ ਅੱਜ ਸਵੇਰੇ ਤੜਕਸਾਰ ਰਾਣਾ ਗੁਰਜੀਤ ਸਿੰਘ ਦੇ ਵੱਖ-ਵੱਖ ਟਿਕਾਣਿਆਂ ‘ਤੇ ਛਾਪਾ ਮਾਰਿਆ ਗਿਆ ਹੈ।
ਜਾਣਕਾਰੀ ਮੁਤਾਬਕ ਅੱਜ ਸਵੇਰੇ ਤੜਕਸਾਰ 6 ਵਜੇ ਦੇ ਕਰੀਬ ਰਾਣਾ ਗੁਰਜੀਤ ਸਿੰਘ ਦੇ ਘਰ ਸਮੇਤ ਵੱਖ-ਵੱਖ ਟਿਕਾਣਿਆਂ ‘ਤੇ ਛਾਪਮੇਰੀ ਕੀਤੀ ਗਈ ਹੈ। ਇਨਕਮ ਟੈਕਸ ਵਿਭਾਗ ਵੱਲੋਂ ਰਾਣਾ ਗੁਰਜੀਤ ਸਿੰਘ ਦੇ ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਸਥਿਤ 35 ਦੇ ਕਰੀਬ ਟਿਕਾਣਿਆਂ ‘ਤੇ ਛਾਪਾ ਮਾਰਿਆ ਗਿਆ ਹੈ। ਵਿਭਾਗ ਵੱਲੋਂ ਰਾਣਾ ਗੁਰਜੀਤ ਸਿੰਘ ਦੀ ਜਾਇਦਾਦ ਅਤੇ ਆਮਦਨ ਬਾਰੇ ਬੜੀ ਬਾਰੀਕੀ ਨਾਲ ਘੋਖ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਰਾਣਾ ਗੁਰਜੀਤ ਸਿੰਘ ਸਿਆਸਤਦਾਨ ਦੇ ਨਾਲ-ਨਾਲ ਵੱਡੇ ਕਾਰੋਬਾਰੀ ਵੀ ਹਨ। ਉਹ ਸ਼ੂਗਰ ਮਿੱਲਾਂ ਦੇ ਮਾਲਕ ਹਨ ਤੇ ਉਨ੍ਹਾਂ ਦਾ ਸ਼ਰਾਬ ਦਾ ਵੀ ਕਾਰੋਬਾਰ ਹੈ। ਰਾਣਾ ਗੁਰਜੀਤ ਸਿੰਘ ਕੈਪਟਨ ਸਰਕਾਰ ਵੇਲੇ ਪੰਜਾਬ ਕੈਬਨਿਟ ਦਾ ਹਿੱਸਾ ਰਹਿ ਚੁੱਕੇ ਹਨ। ਇਸ ਵਾਰ ਵੀ ਉਹ ਕਪੂਰਥਲਾ ਤੋਂ ਵਿਧਾਇਕ ਚੁਣੇ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ।