ਬੀਕੇਯੂ ਉਗਰਾਹਾਂ ਨੇ ਫੂਕੀਆਂ ਕੇਂਦਰੀ ਬਜਟ ਦੀਆਂ ਕਾਪੀਆਂ

ਬਰਨਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਐੱਸਕੇਐੱਮ ਦੇ ਸੂਬਾ ਪੱਧਰੀ ਫੈਸਲੇ ਨੂੰ ਲਾਗੂ ਕਰਦਿਆਂ ਜਥੇਬੰਦੀ ਦੀ ਜ਼ਿਲ੍ਹਾ ਬਰਨਾਲਾ ਪੱਧਰੀ ਇਕੱਤਰਤਾ ਕਰਨ ਉਪਰੰਤ ਕੇਂਦਰੀ ਬਜਟ (2025-26) ਨੂੰ ਕਿਰਤੀਆਂ ਵਿਰੋਧੀ ਐਲਾਨਦਿਆਂ ਇਸ ਦੀਆਂ ਕਾਪੀਆਂ ਸਾੜੀਆਂ ਗਈਆਂ। ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।

ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਮੋਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਕਾਰਪੋਰੇਟ ਘਰਾਣਿਆਂ ਦੇ ਅੰਨ੍ਹੇ ਮੁਨਾਫ਼ਿਆਂ ਨੂੰ ਹੀ ਯਕੀਨੀ ਬਣਾਉਂਦਾ ਹੈ ਜਦੋਂ ਕਿ ਕਿਰਤ ਸ਼ਕਤੀ ਖੇਤੀ, ਕਿਸਾਨੀ ਤੇ ਖੇਤ ਮਜ਼ਦੂਰਾਂ ਦੇ ਲਾਭਕਾਰੀ ਹਿਤਾਂ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਕਿਸਾਨਾਂ ਮਜ਼ਦੂਰਾਂ ਲਈ ਕਰਜ਼ਾ ਖਤਮ ਕਰਨ ਲਈ ਕੋਈ ਵੀ ਸਕੀਮ ਨਹੀਂ ਹੈ। ਇਸੇ ਤਰ੍ਹਾਂ ਫ਼ਸਲੀ ਬੀਮਾ ਯੋਜਨਾ ਵਿੱਚ ਵੀ ਭਾਰੀ ਕਟੌਤੀ ਕੀਤੀ ਗਈ ਹੈ। ਮਜ਼ਦੂਰਾਂ ਲਈ ਵੀ ਮਨਰੇਗਾ ਰਾਸ਼ੀ ਵਿੱਚ ਕਟੌਤੀ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ ਪੂਰਾ ਸਾਲ ਰੁਜ਼ਗਾਰ ਦਿੱਤਾ ਜਾਵੇ।

ਉਗਰਾਹਾਂ ਨੇ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਬਜਟ ਪੇਸ਼ ਕਰਨ ਸਮੇਂ ਅੱਖੋਂ-ਪਰੋਖੇ ਕੀਤਾ ਜਾਂਦਾ ਹੈ। ਜਦੋਂ ਕਿ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਹੱਕਾਂ ਲਈ ਸੰਘਰਸ਼ਾਂ ’ਤੇ ਹੀ ਟੇਕ ਰੱਖਦਿਆਂ ਲਾਮਬੰਦੀ ਤਕੜੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਇਸ ਮੌਕੇ 13 ਫਰਵਰੀ ਨੂੰ ਪਿੰਡ ਜਿਉਂਦ (ਬਠਿੰਡਾ ) ਵਿੱਚ ‘ਜ਼ਮੀਨੀ ਸੰਗਰਾਮ ਕਾਨਫਰੰਸ’ ਵਿਚ ਭਰਵੀਂ ਸ਼ਮੂਲੀਅਤ ਲਈ ਬਲਾਕ ਪੱਧਰੀ ਟੀਮਾਂ ਵੀ ਗਠਿਤ ਕੀਤੀਆਂ ਗਈਆਂ। ਕਿਸਾਨ ਮਜ਼ਦੂਰ ਮਰਦ ਔਰਤਾਂ ਤੇ ਨੌਜਵਾਨਾਂ ਨੂੰ ਕਾਫ਼ਲੇ ਬੰਨ੍ਹ ਪੁੱਜਣ ਦੀ ਅਪੀਲ ਵੀ ਕੀਤੀ ਗਈ। ਉਪਰੰਤ ਬਜਟ ਕਾਪੀਆਂ ਸਾੜੀਆਂ ਗਈਆਂ।

ਇਸ ਮੌਕੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਭਗਤ ਸਿੰਘ ਛੰਨਾ, ਦਰਸ਼ਨ ਸਿੰਘ ਭੈਣੀ, ਬੁੱਕਣ ਸਿੰਘ ਸੱਦੋਵਾਲ, ਬਲੌਰ ਸਿੰਘ ਛੰਨਾ, ਮਲਕੀਤ ਸਿੰਘ ਹੇੜੀਕੇ, ਜੱਜ ਸਿੰਘ ਗਹਿਲ, ਦਰਸ਼ਨ ਸਿੰਘ ਚੀਮਾ, ਜਰਨੈਲ ਸਿੰਘ ਜਵੰਧਾ ਪਿੰਡੀ, ਮਹਿਲਾ ਵਿੰਗ ਜ਼ਿਲ੍ਹਾ ਕਨਵੀਨਰ ਕਮਲਜੀਤ ਕੌਰ ਬਰਨਾਲਾ, ਲਖਵੀਰ ਕੌਰ ਧਨੌਲਾ, ਅਮਰਜੀਤ ਕੌਰ ਬਡਬਰ, ਸੰਦੀਪ ਕੌਰ ਤੇ ਰਣਜੀਤ ਕੌਰ ਪੱਤੀ ਸੇਖਵਾਂ ਆਦਿ ਆਗੂ ਹਾਜ਼ਰ ਸਨ।

ਕੈਪਸ਼ਨ: ਦਾਣਾ ਮੰਡੀ ਬਰਨਾਲਾ ਵਿਚ ਇਕੱਠ ਨੂੰ ਸੰਬੋਧਨ ਕਰਦੇ ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ।

Leave a Reply

Your email address will not be published. Required fields are marked *