ਸ਼ਿਮਲਾ, Himachal News: ਮੰਗਲਵਾਰ ਸ਼ਾਮ ਤੋਂ ਲਾਹੌਲ ਅਤੇ ਸਪਿਤੀ, ਚੰਬਾ, ਸ਼ਿਮਲਾ ਅਤੇ ਕਿਨੌਰ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋਈ। ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ, ਖਾਰਾਪੱਥਰ ਅਤੇ ਕੁਫਰੀ ’ਚ ਵੀ ਕੁਝ ਸੈਂਟੀਮੀਟਰ ਬਰਫਬਾਰੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਮੱਧ ਅਤੇ ਨੀਵੀਆਂ ਪਹਾੜੀਆਂ ’ਚ ਕਈ ਥਾਵਾਂ ’ਤੇ ਹਲਕੀ ਬਾਰਿਸ਼ ਹੋਈ ਅਤੇ ਸ਼ਿਮਲਾ ਵਿਚ ਮੰਗਲਵਾਰ ਰਾਤ ਨੂੰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ।
ਬਰਫ਼ਬਾਰੀ ਕਾਰਨ ਉੱਪਰੀ ਸ਼ਿਮਲਾ ਦੀਆਂ ਸੜਕਾਂ ਆਵਾਜਾਈ ਲਈ ਖਤਰੇ ਭਰੀਆਂ (ਫਿਸਲਣ ਵਾਲੀਆਂ) ਹੋ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਅੱਜ ਚੰਬਾ, ਬਿਲਾਸਪੁਰ, ਸੋਲਨ, ਸ਼ਿਮਲਾ, ਸਿਰਮੌਰ, ਊਨਾ, ਹਮੀਰਪੁਰ, ਮੰਡੀ ਅਤੇ ਕਾਂਗੜਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਗਰਜ਼-ਤੂਫ਼ਾਨ ਦੇ ਨਾਲ-ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਲਾਹੌਲ ਅਤੇ ਸਪਿਤੀ, ਕਿਨੌਰ ਅਤੇ ਸ਼ਿਮਲਾ, ਕੁੱਲੂ, ਚੰਬਾ, ਮੰਡੀ ਅਤੇ ਕਾਂਗੜਾ ਦੀਆਂ ਉੱਚੀਆਂ ਪਹਾੜੀਆਂ ਵਿੱਚ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਦੀ ਸੰਭਾਵਨਾ ਹੈ।