ਰਾਜਪੁਰਾ : ਸ਼ੰਭੂ ਬੈਰੀਅਰ ’ਤੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਕੂਚ ਕਰਨ ਸਮੇਂ 13 ਫਰਵਰੀ 2024 ਤੋਂ ਲਗਾਏ ਗਏ ਧਰਨੇ ਨੂੰ ਆਉਂਦੇ ਦਿਨਾਂ ਤੱਕ 1 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਮੌਕੇ ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬਿਆਨ ਦਿੰਦਿਆਂ ਸੰਸਦ ’ਚ ਚੱਲ ਰਹੇ ਬਜ਼ਟ ਸੈਸ਼ਨ ਚਰਚਾ ਦੌਰਾਨ ਰਾਜਸਥਾਨ ਦੇ ਸੰਸਦ ਮੈਂਬਰ ਹਨੂੰਮਾਨ ਬੈਨੀਵਾਲ ਵੱਲੋਂ ਕਿਸਾਨਾਂ ਦੇ ਕਰਜ਼ਾ ਮਾਫ ਕਰਨ ਦਾ ਸਵਾਲ ਪੁੱਛਿਆ ਗਿਆ, ਜਿਸ ਦੇ ਜਵਾਬ ’ਚ ਕੇਂਦਰ ਵੱਲੋਂ ਇਹ ਕਹਿ ਕੇ ਸਾਫ ਪੱਲਾ ਝਾੜ ਲਿਆ ਗਿਆ ਕਿ ਅਜਿਹੀ ਕੋਈ ਯੋਜਨਾ ਨਹੀਂ ਹੈ। ਜਿਸਦੀ ਦਿੱਲੀ ਅੰਦੋਲਨ 2 ਦੀ ਲੀਡਰਸ਼ਿਪ ਵੱਲੋਂ ਨਿੰਦਾ ਕੀਤੀ।
ਉਨ੍ਹਾਂ ਕਿਹਾ ਕਿ 2014 ਦੇ ਚੋਣ ਵਾਅਦੇ ਤੋਂ ਕੇਂਦਰ ਸਰਕਾਰ ਪੂਰੀ ਤਰ੍ਹਾਂ ਭਗੌੜੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੁੱਲ ਦੇਸ਼ ਦੇ ਕਿਸਾਨ ਦਾ ਕਰਜ਼ਾ 33.5 ਲੱਖ ਕਰੋੜ ਹੋ ਚੁੱਕਾ ਹੈ, ਜਿਸ ’ਚ ਮਹਾਰਾਸ਼ਟਰ ਦੇ ਸਿਰ ਲਗਪਗ 8 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਪੰਜਾਬ ’ਚ ਪ੍ਰਾਈਵੇਟ ਬੈਂਕਾਂ ਦਾ ਕਿਸਾਨਾਂ ਤੇ ਇਕ ਲੱਖ ਰੁਪਏ ਤੋਂ ਵੱਧ ਕਰਜ਼ਾ ਹੈ, ਜਿਸ ਵਿਚ 85 ਹਜ਼ਾਰ ਕਰੋੜ ਦਾ ਕਰਜ਼ਾ ਕੋਆਪਰੇਟਿਵ ਬੈਂਕਾਂ ਦਾ ਕਰਜ਼ਾ 10 ਹਜ਼ਾਰ ਕਰੋੜ ਤੋਂ ਵੱਧ ਹੈ ਅਤੇ ਬਾਕੀ ਪੇਂਡੂ ਬੈਂਕਾ ਦਾ ਕਰਜ਼ਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਜਿੰਨਾ ਮੰਗਾਂ ’ਤੇ ਅੰਦੋਲਨਕਾਰੀ ਜਥੇਬੰਦੀਆਂ ਨਾਲ ਗੱਲਬਾਤ ਲਈ ਮੀਟਿੰਗ ਸੱਦੀ ਗਈ ਹੈ । ਉਨ੍ਹਾਂ ਮੰਗਾਂ ’ਚ ਕਿਸਾਨਾਂ ਮਜ਼ਦੂਰਾਂ ਦੀ ਕੁੱਲ ਕਰਜ਼ਾ ਮੁਕਤੀ ਦੀ ਅਹਿਮ ਮੰਗ ਸ਼ਾਮਲ ਹੈ ਕਿਉਂਕਿ ਅੱਜ ਤੱਕ ਸਰਕਾਰੀ ਅੰਕੜਿਆਂ ਅਨੁਸਾਰ 4 ਲੱਖ ਤੋਂ ਵੱਧ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਇਹ ਅੱਜ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਬਿਆਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਰਕਾਰ ਕਰਜ਼ਾ ਮੁਕਤੀ ਬਾਰੇ ਕੋਈ ਵਿਚਾਰ ਨਹੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਅੰਕੜੇ ਅਨੁਸਾਰ ਦੇਸ਼ ਦਾ ਕਰਜ਼ਾ 200 ਲੱਖ ਕਰੋੜ ਰੁਪਏ ਪਾਰ ਕਰ ਚੁੱਕਾ ਹੈ ਤੇ ਇਸ ਵਾਰ ਵੀ 15 ਲੱਖ ਕਰੋੜ ਰੁਪਏ ਦੇ ਘਾਟੇ ਵਾਲਾ ਬਜਟ ਪੇਸ਼ ਕੀਤਾ ਗਿਆ। ਜਿਸ ਤੋਂ ਸਾਫ ਹੈ ਕਿ ਸਰਕਾਰ ਦੇਸ਼ ਨੂੰ ਆਰਥਿਕ ਤੌਰ ’ਤੇ ਦੀਵਾਲੀਆ ਕਰਨ ਵਾਲੇ ਹਾਲਾਤਾਂ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਦੇ ਲੱਖਾਂ ਕਰੋੜ ਰੁਪਏ ਦੇ ਕਰਜ਼ੇ ਵੱਟੇ ਖਾਤੇ ਪਾ ਦਿੱਤੇ ਗਏ ਪਰ ਆਮ ਜਨਤਾਂ ਲਈ ਸਿਵਾਏ ਗੱਲਾਂ ਦੇ ਕੁਝ ਵੀ ਨਹੀਂ ਕੀਤਾ। ਕਿਸਾਨ ਆਗੂ ਨੇ ਕਿਹਾ ਕਿ 13 ਫਰਵਰੀ ਨੂੰ ਸ਼ੰਭੂ ਬਾਰਡਰ ਮੋਰਚੇ ’ਤੇ ਮੋਰਚੇ ਦਾ 1 ਸਾਲ ਪੂਰਾ ਹੋਣ ਦੇ ਮੌਕੇ ਵਿਸ਼ਾਲ ਇੱਕਠ ਕੀਤਾ ਜਾਵੇਗਾ, ਉਨ੍ਹਾਂ ਪੰਜਾਬ ਹਰਿਆਣਾ ਉਤਰ ਪ੍ਰਦੇਸ਼ ਰਾਜਿਸਥਾਨ ਦੇ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ।