ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਕੀਤੇ ਜਾਣ ਵਾਲੇ ਅਜਲਾਸ ‘ਚ ਲਗਭਗ ਕਈ ਪੰਥਕ ਆਗੂ ਜਿਨ੍ਹਾਂ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਕਿਰਨਦੀਪ ਕੌਰ, ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਤੋਂ ਇਲਾਵਾ ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਵੀ ਕਈ ਪੰਥ ਪ੍ਰਸਿੱਧ ਸ਼ਖਸ਼ੀਅਤਾਂ ਇਸ ਇਜਲਾਸ ਵਿੱਚ ਹਿੱਸਾ ਲੈਣ ਲਈ ਹੁੰਮ ਹੁਮਾ ਕੇ ਪਹੁੰਚ ਚੁੱਕੀਆਂ ਹਨ।
ਇਸ ਦੌਰਾਨ ਜਿੱਥੇ ਇਜਲਾਸ ‘ਚ ਪਹੁੰਚੇ ਆਗੂਆਂ ਨੇ ਆਪਣੇ ਆਪਣੇ ਵਿਚਾਰ ਦੱਸੇ ਉੱਥੇ ਹੀ ਬੀਬੀ ਜਗੀਰ ਕੌਰ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਨੂੰ ਪਹਿਲ ਦਿੰਦੇ ਹੋਏ ਕਿਹਾ ਹੈ ਕਿ ਬਾਕੀ ਸਭ ਫੈਸਲਾ ਇਜਲਾਸ ਹੋਣ ਤੋਂ ਬਾਅਦ ‘ਚ ਪਤਾ ਲੱਗ ਜਾਵੇਗਾ, ਫਿਲਹਾਲ ਜੋ ਸੰਗਤ ਦੀ ਆਵਾਜ਼ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅੱਗੇ ਲਿਆਂਦਾ ਜਾਵੇ। ਇਸੇ ਤਰ੍ਹਾਂ ਚੰਦੂ ਮਾਜਰਾ ਤੇ ਹੋਰ ਆਗੂਆਂ ਨੇ ਵੀ ਫਿਲਹਾਲ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਪਹਿਲ ਦੇ ਆਧਾਰ ‘ਤੇ ਅੱਗੇ ਰੱਖਿਆ ਹੈ ਅਤੇ ਦੂਸਰੇ ਨੰਬਰ ‘ਤੇ ਬੀਬੀ ਸਤਵੰਤ ਕੌਰ ਦਾ ਨਾਮ ਵੀ ਪ੍ਰਧਾਨਗੀ ਦੀ ਲਿਸਟ ਵਿੱਚ ਕਿਹਾ ਜਾ ਰਿਹਾ ਹੈ।
