ਮਹਾਕੁੰਭ ਨਗਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਮਹਾਕੁੰਭ ਮੇਲੇ ਦਾ ਦੌਰਾ ਕੀਤਾ ਅਤੇ ਤ੍ਰਿਵੇਣੀ ਸੰਗਮ ਵਿੱਚ ਪਵਿੱਤਰ ਇਸ਼ਨਾਨ ਕੀਤਾ। ਇਸ ਦੌਰਾਨ ਮੋਦੀ ਨੇ ਮੰਤਰਾਂ ਦੇ ਜਾਪ ਵਿਚਕਾਰ ਇਸ਼ਨਾਨ ਦੀ ਰਸਮ ਦੌਰਾਨ ਆਪਣੇ ਹੱਥਾਂ ਵਿੱਚ ‘ਰੁਦਰਾਕਸ਼’ ਮਣਕੇ ਫੜੇ ਹੋਏ ਸਨ। ਇਸ ਦੌਰਾਨ ਉਨ੍ਹਾਂ ਰੁਦਰਾਕਸ਼ ਦੀ ਮਾਲਾ ਪਾ ਕੇ ਸੂਰਜ ਅਤੇ ਗੰਗਾ ਨਦੀ ਦੀ ਪੂਜਾ ਕੀਤੀ।
ਮੋਦੀ ਨੇ ਅਰੈਲ ਘਾਟ ਤੋਂ ਗੰਗਾ, ਯਮੁਨਾ ਅਤੇ ਮਿਥਿਹਾਸਕ ਸਰਸਵਤੀ ਦੇ ਤ੍ਰਿਵੇਣੀ ਸੰਗਮ ਤੱਕ ਕਿਸ਼ਤੀ ਦੀ ਸਵਾਰੀ ਕੀਤੀ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਸਨ। ਮੁੱਖ ਮੰਤਰੀ ਆਦਿਤਿਆਨਾਥ ਨੇ ਇਸ ਤੋਂ ਪਹਿਲਾਂ ਪ੍ਰਯਾਗਰਾਜ ਪਹੁੰਚਣ ’ਤੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ।
12 ਸਾਲਾਂ ਬਾਅਦ ਆਯੋਜਿਤ ਕੀਤਾ ਜਾ ਰਿਹਾ ਇਹ ਮਹਾਂਕੁੰਭ 13 ਜਨਵਰੀ ਨੂੰ ਸ਼ੁਰੂ ਹੋਇਆ ਅਤੇ 26 ਫਰਵਰੀ ਤੱਕ ਜਾਰੀ ਰਹੇਗਾ। ਇਸ ਨੂੰ ਹਿੰਦੂਆਂ ਦੇ ਸਭ ਤੋਂ ਪਵਿੱਤਰ ਤੀਰਥ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਅਨੁਸਾਰ, ਹੁਣ ਤੱਕ 38 ਕਰੋੜ ਤੋਂ ਵੱਧ ਸ਼ਰਧਾਲੂ ਮਹਾਂਕੁੰਭ ਦੇ ਦਰਸ਼ਨ ਕਰ ਚੁੱਕੇ ਹਨ।