ਨਵੀਂ ਦਿੱਲੀ : 2023 ਵਿਚ ਦੱਖਣੀ ਅਫਰੀਕਾ ’ਚ ਹੋਏ ਪਹਿਲੇ ਅੰਡਰ-19 ਮਹਿਲਾ ਟੀ20 ਵਿਸ਼ਵ ਕੱਪ ਵਿਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਨੇ ਦੋ ਸਾਲ ਬਾਅਦ ਵੀ ਖਿਤਾਬ ਨੂੰ ਬਰਕਰਾਰ ਰੱਖਿਆ। ਭਾਰਤੀ ਟੀਮ ਨੇ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਚ ਖੇਡੇ ਗਏ ਫਾਈਨਲ ਮੈਚ ਵਿਚ ਦੱਖਣੀ ਅਫਰੀਕਾ ਨੂੰ ਹਰਾ ਕੇ ਲਗਾਤਾਰ ਦੂਜੀ ਵਾਰ ਮਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ।
ਦਰਅਸਲ ਨਿਕੀ ਪ੍ਰਸਾਦ ਦੀ ਅਗਵਾਈ ਵਾਲੀ ਟੀਮ ਨੇ ਟੂਰਨਾਮੈਂਟ ਵਿਚ ਪਹਿਲਾਂ ਵੈਸਟਇੰਡੀਜ਼ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਅਤੇ ਟੀਮ ਨੇ ਟੂਰਨਾਮੈਂਟ ਦਾ ਅੰਤ ਵੀ ਜਿੱਤ ਨਾਲ ਕੀਤਾ। ਟੀਮ ਇੰਡੀਆ ਪੂਰੇ ਟੂਰਨਾਮੈਂਟ ਦੌਰਾਨ ਇਕ ਚੈਂਪੀਅਨ ਟੀਮ ਵਾਂਗ ਖੇਡੀ ਅਤੇ ਕੋਈ ਵੀ ਟੀਮ ਉਸ ਨੂੰ ਹਰਾਉਣ ਦੇ ਸਮਰੱਥ ਨਹੀਂ ਜਾਪਦੀ ਸੀ। ਹੁਣ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀਆਂ ਭਾਰਤੀ ਧੀਆਂ ਨੂੰ ਬੀਸੀਸੀਆਈ ਤੋਂ ਇਨਾਮ ਮਿਲਿਆ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਨਿਕੀ ਪ੍ਰਸਾਦ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਜਿੱਤ ‘ਤੇ ਖੁਸ਼ੀ ਪ੍ਰਗਟ ਕੀਤੀ ਅਤੇ ਉਸ ਲਈ ਇਨਾਮ ਦਾ ਐਲਾਨ ਕੀਤਾ।
ਬੀਸੀਸੀਆਈ ਨੇ ਇਹ ਜਾਣਕਾਰੀ ਐਕਸ ‘ਤੇ ਦਿੱਤੀ ਤੇ ਖਿਤਾਬ ਜਿੱਤਣ ‘ਤੇ ਟੀਮ ਇੰਡੀਆ ਨੂੰ 5 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਇਨਾਮ ਟੀਮ ਦੇ ਸਾਰੇ 15 ਖਿਡਾਰੀਆਂ, ਮੁੱਖ ਕੋਚ ਨੁਸ਼ੀਨ ਅਲ ਖਾਦੀਰ ਅਤੇ ਬਾਕੀ ਸਹਾਇਕ ਸਟਾਫ ਵਿਚ ਵੰਡਿਆ ਜਾਵੇਗਾ। ਨੁਸ਼ੀਨ ਦੀ ਕੋਚਿੰਗ ਹੇਠ ਭਾਰਤ ਨੇ 2023 ਵਿਚ ਇਸੇ ਟੂਰਨਾਮੈਂਟ ਦੇ ਪਹਿਲੇ ਐਡੀਸ਼ਨ ਦਾ ਖਿਤਾਬ ਵੀ ਜਿੱਤਿਆ ਸੀ।