ਨਵੀਂ ਦਿੱਲੀ: ਪਹਾੜੀ ਰਾਜਾਂ ’ਚ ਮੌਸਮ ਇੱਕ ਵਾਰ ਫਿਰ ਬਦਲ ਸਕਦਾ ਹੈ। ਇਸ ਕਾਰਨ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਅਤੇ ਮੀਂਹ ਪੈਣ ਕਾਰਨ ਠੰਢ ਵਧ ਸਕਦੀ ਹੈ। ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਇੱਕ ਵਾਰ ਫਿਰ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਮੌਸਮ ਦੇ ਹਾਲਾਤ 10 ਫਰਵਰੀ ਤੱਕ ਬਦਲਦੇ ਰਹਿਣਗੇ। ਇਸ ਕਾਰਨ ਠੰਢ ਇੱਕ ਵਾਰ ਫਿਰ ਵਧ ਸਕਦੀ ਹੈ।
ਸੋਮਵਾਰ ਤੋਂ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 10 ਫਰਵਰੀ ਤੱਕ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ਵਿੱਚ ਵੀ ਸੋਮਵਾਰ ਦੁਪਹਿਰ ਤੋਂ ਮੌਸਮ ਬਦਲ ਸਕਦਾ ਹੈ। ਹਾਲਾਂਕਿ ਇਹ 4 ਫਰਵਰੀ ਨੂੰ ਵਧੇਰੇ ਪ੍ਰਭਾਵਸ਼ਾਲੀ ਹੋਵੇਗਾ। ਮੌਸਮ ਵਿਭਾਗ ਨੇ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ ਦੇ ਨਾਲ ਸੀਤ ਲਹਿਰ ਤੇ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ।