ਨਵੀਂ ਦਿੱਲੀ- ਦਿੱਲੀ ਨਗਰ ਨਿਗਮ (MCD) ਦੀ ਬੈਠਕ ਮੰਗਲਵਾਰ ਨੂੰ ਸ਼ੁਰੂ ਹੋ ਗਈ। ਇਸ ਬੈਠਕ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਵਿਰੋਧ ਦੇ ਬਾਵਜੂਦ ਉਪ ਰਾਜਪਾਲ ਵਲੋਂ ਨਾਮਜ਼ਦ ਕੀਤੇ ਗਏ ਮੈਂਬਰਾਂ ਨੇ ਸਹੁੰ ਚੁੱਕੀ। ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸਦਨ ਦੀ ਬੈਠਕ ਵਿਚ ਵੱਡੀ ਗਿਣਤੀ ‘ਚ ਸੁਰੱਖਿਆ ਕਰਮਚਾਰੀ ਅਤੇ ਮਾਰਸ਼ਲ ਤਾਇਨਾਤ ਕੀਤੇ ਗਏ ਹਨ। ‘ਆਪ’ ਦੇ ‘ਸ਼ਰਮ ਕਰੋ, ਸ਼ਰਮ ਕਰੋ’ ਦੇ ਨਾਅਰਿਆਂ ਵਿਚਕਾਰ ਪ੍ਰੀਜ਼ਾਈਡਿੰਗ ਅਫ਼ਸਰ ਸੱਤਿਆ ਸ਼ਰਮਾ ਨੇ ਚੁਣੇ ਗਏ ਮੈਂਬਰਾਂ ਤੋਂ ਪਹਿਲਾਂ ਨਾਮਜ਼ਦ ਮੈਂਬਰਾਂ ਨੂੰ ਸਹੁੰ ਚੁਕਾਈ। ‘ਆਪ’ ਦੇ ਕੌਂਸਲਰ ਮੁਕੇਸ਼ ਗੋਇਲ ਨੇ ਵੀ ਪਹਿਲੇ ਨਾਮਜ਼ਦ ਮੈਂਬਰਾਂ ਨੂੰ ਸਹੁੰ ਚੁਕਾਉਣ ’ਤੇ ਇਤਰਾਜ਼ ਜਤਾਇਆ। ਸਹੁੰ ਚੁੱਕਣ ਤੋਂ ਬਾਅਦ ਨਾਮਜ਼ਦ ਮੈਂਬਰਾਂ ਨੇ ‘ਜੈ ਸ਼੍ਰੀ ਰਾਮ’ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ। ਇਸ ਤੋਂ ਬਾਅਦ ਸੱਤਿਆ ਸ਼ਰਮਾ ਨੇ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁੱਕਣ ਲਈ ਬੁਲਾਇਆ।
6 ਜਨਵਰੀ ਨੂੰ ਹੰਗਾਮੇ ਕਾਰਨ ਮੁਲਤਵੀ ਹੋਈ ਸੀ ਬੈਠਕ
ਪਿਛਲੀ 6 ਜਨਵਰੀ ਨੂੰ ਹੋਈ ਬੈਠਕ ਵਿਚ ਹੋਏ ਹੰਗਾਮੇ ਨੂੰ ਦੇਖਦੇ ਹੋਏ ਇਸ ਵਾਰ ਇਸ ਤੋਂ ਬਚਣ ਲਈ ਸਦਨ ਦੇ ਅੰਦਰ ਭਾਰੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੀ ਗਈ ਸੀ। ਨਗਰ ਨਿਗਮ ਚੋਣਾਂ ਤੋਂ ਬਾਅਦ ਚੁਣੇ ਗਏ 250 ਮੈਂਬਰਾਂ ਦੀ ਪਹਿਲੀ ਮੀਟਿੰਗ ਵਿਚ 6 ਜਨਵਰੀ ਨੂੰ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਣੀ ਸੀ ਪਰ ਆਮ ਆਦਮੀ ਪਾਰਟੀ (ਆਪ) ਅਤੇ ਭਾਜਪਾ ਪਾਰਟੀ ਦੇ ਮੈਂਬਰਾਂ ਵਿਚਾਲੇ ਹੋਈ ਝੜਪ ਅਤੇ ਹੰਗਾਮੇ ਕਾਰਨ ਇਹ ਚੋਣ ਮੁਲਤਵੀ ਕਰ ਦਿੱਤੀ ਗਈ ਸੀ।