ਚੰਡੀਗੜ੍ਹ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਲੀ ਦੇ ਭਾਜਪਾ ਆਗੂ ਤਜਿੰਦਰ ਬੱਗਾ ਅਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਖ਼ਿਲਾਫ਼ ਦਰਜ ਐੱਫ. ਆਈ. ਆਰ. ਨੂੰ ਰੱਦ ਕਰ ਦਿੱਤਾ ਗਿਆ ਹੈ। ਅਦਾਲਤ ਵੱਲੋਂ ਬੁੱਧਵਾਰ ਨੂੰ ਇਸ ਸਬੰਧੀ ਫ਼ੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਬੱਗਾ ਮਾਮਲੇ ‘ਚ ਕਿਹਾ ਕਿ ਉਨ੍ਹਾਂ ਨੇ ਪੰਜਾਬ ਆ ਕੇ ਟਵੀਟ ਨਹੀਂ ਕੀਤੇ ਅਤੇ ਉਨ੍ਹਾਂ ਦੇ ਟਵੀਟ ਭੜਕਾਊ ਨਹੀਂ ਹਨ। ਸਿਆਸੀ ਲੋਕ ਇਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕਰਦੇ ਹਨ। ਇਸੇ ਤਰ੍ਹਾਂ ਕੁਮਾਰ ਵਿਸ਼ਵਾਸ ਖ਼ਿਲਾਫ਼ ਰੋਪੜ ‘ਚ ਕੇਸ ਦਰਜ ਕੀਤਾ ਗਿਆ ਸੀ। ਦੋਸ਼ ਲਾਇਆ ਗਿਆ ਸੀ ਕਿ ਕੁਮਾਰ ਵਿਸ਼ਵਾਸ ਨੇ ਅਰਵਿੰਦ ਕੇਜਰੀਵਾਲ ਨੂੰ ਖ਼ਾਲਿਸਤਾਨ ਸਮਰਥਨ ਦੱਸਿਆ ਹੈ ਅਤੇ ਉਨ੍ਹਾਂ ਦੇ ਇਸ ਬਿਆਨ ਨਾਲ ਪਾਰਟੀ ਦਾ ਅਕਸ ਖ਼ਰਾਬ ਹੋਇਆ ਹੈ। ਇਸ ਸਬੰਧੀ ਕੇਸ ਦਰਜ ਹੋਣ ਮਗਰੋਂ ਪੰਜਾਬ ਪੁਲਸ ਕਵੀ ਦੇ ਗਾਜ਼ੀਆਬਾਦ ਸਥਿਤ ਘਰ ਵੀ ਪਹੁੰਚੀ। ਉਨ੍ਹਾਂ ਨੂੰ ਨੋਟਿਸ ਭੇਜ ਕੇ ਜਾਂਚ ‘ਚ ਸ਼ਾਮਲ ਹੋਣ ਲਈ ਕਿਹਾ ਸੀ, ਜਿਸ ਦੇ ਖ਼ਿਲਾਫ਼ ਕੁਮਾਰ ਵਿਸ਼ਵਾਸ ਨੇ ਹਾਈਕੋਰਟ ‘ਚ ਪਟੀਸ਼ਨ ਪਾਈ ਸੀ। ਭਾਜਪਾ ਆਗੂ ਤਜਿੰਦਰ ਬੱਗਾ ‘ਤੇ ਕੇਜਰੀਵਾਲ ਨੂੰ ਲੈ ਕੇ ਟਵੀਟ ਕਰਨ ‘ਤੇ ਕੇਸ ਦਰਜ ਹੋਇਆ ਸੀ।
ਇਸ ਤੋਂ ਬਾਅਦ ਪੰਜਾਬ ਪੁਲਸ ਨੇ ਬੱਗਾ ਨੂੰ ਦਿੱਲੀ ਜਾ ਕੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੇ ਵਿਰੋਧ ‘ਚ ਬੱਗਾ ਦੇ ਪਰਿਵਾਰ ਨੇ ਦਿੱਲੀ ‘ਚ ਕਿਡਨੈਪਿੰਗ ਦੀ ਸ਼ਿਕਾਇਤ ਕਰ ਦਿੱਤੀ। ਦਿੱਲੀ ਪੁਲਸ ਨੇ ਪੰਜਾਬ ਪੁਲਸ ‘ਤੇ ਅਗਵਾ ਦਾ ਕੇਸ ਵੀ ਦਰਜ ਕਰ ਲਿਆ। ਜਿਸ ਤੋਂ ਬਾਅਦ ਬੱਗਾ ਨੂੰ ਲਿਆ ਰਹੀ ਪੰਜਾਬ ਪੁਲਸ ਨੂੰ ਹਰਿਆਣਾ ਪੁਲਸ ਨੇ ਕੁਰੂਕਸ਼ੇਤਰ ‘ਚ ਰੋਕ ਲਿਆ। ਫਿਰ ਦਿੱਲੀ ਪੁਲਸ ਆ ਕੇ ਬੱਗਾ ਨੂੰ ਵਾਪਸ ਦਿੱਲੀ ਲੈ ਗਈ। ਇਸ ਮਾਮਲੇ ‘ਚ ਬੱਗਾ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ।