ਬਟਾਲਾ ‘ਚ ਵਾਪਰੀ ਦੁਖਦਾਈ ਘਟਨਾ, ਗੁਰਦੁਆਰਾ ਕੰਧ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਸਮੇਂ ਤਾਰ ਟੁੱਟਣ ਨਾਲ ਸੇਵਾਦਾਰ ਦੀ ਮੌਤ

ਬਟਾਲਾ: ਬਟਾਲਾ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਕੰਧ ਸਾਹਿਬ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਚਰਖੜੀ ਦੀ ਤਾਰ ਟੁੱਟਣ ਨਾਲ ਨਿਸ਼ਾਨ ਸਾਹਿਬ ਦੇ ਵਸਤਰਾਂ ਦੀ ਸੇਵਾ ਕਰ ਰਿਹਾ ਸੇਵਾਦਾਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਬਟਾਲਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗੁਰਦੁਆਰਾ ਕੰਧ ਸਾਹਿਬ ਵਿਖੇ ਵਾਪਰੀ ਇਸ ਘਟਨਾ ਨਾਲ ਸੰਗਤਾਂ ਭਾਰੀ ਸੋਗ ਪਾਇਆ ਜਾ ਰਿਹਾ ਹੈ । ਮ੍ਰਿਤਕ ਸੇਵਾਦਾਰ ਦੀ ਪਛਾਣ ਸਤਨਾਮ ਸਿੰਘ ਵਾਸੀ ਬਾਲੇਵਾਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਤਨਾਮ ਸਿੰਘ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਪਾਰਟ ਟਾਈਮ ਇਲੈਕਟਰੀਸ਼ਨ ਵਜੋਂ ਸੇਵਾ ਕਰ ਰਿਹਾ ਸੀ ਅਤੇ ਨਿਸ਼ਾਨ ਸਾਹਿਬ ਚੜਾਉਣ ਦੀ ਸੇਵਾ ਵੀ ਪਿਛਲੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ।

ਸ਼ੁੱਕਰਵਾਰ ਨੂੰ ਕਰੀਬ 8:30 ਵਜੇ ਜਦ ਉਹ ਨਿਸ਼ਾਨ ਸਾਹਿਬ ਦੇ ਵਸਤਰਾਂ ਦੀ ਸੇਵਾ ਕਰਨ ਲਈ 70 ਫੁੱਟ ਉੱਚੇ ਨਿਸ਼ਾਨ ਸਾਹਿਬ ਤੇ ਚਰਖੜੀ ਰਹੀ ਚੜਿਆ ਤਾਂ ਅਚਾਨਕ ਤਾਰ ਟੁੱਟ ਗਈ ਅਤੇ ਉਹ ਹੇਠਾਂ ਡਿੱਗ ਪਿਆ। ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਸਤਨਾਮ ਸਿੰਘ ਨੂੰ ਜਦ ਹਸਪਤਾਲ ‘ਚ ਇਲਾਜ ਲਈ ਦਾਖਲ ਕਰਾਇਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦੇ ਦਿੱਤਾ। ਸਤਨਾਮ ਸਿੰਘ ਦੀ ਮੌਤ ਦੇ ਨਾਲ ਪਿੰਡ ਬਾਲੇਵਾਲ ‘ਚ ਵੀ ਸੋਗ ਦੀ ਲਹਿਰ ਦੌੜ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਬਟਾਲਾ ਦੇ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਜਥੇਦਾਰ ਗੁਰਨਾਮ ਸਿੰਘ ਜੱਸਲ, ਮੈਨੇਜਰ ਸੁਖਜਿੰਦਰ ਸਿੰਘ ਭਾਮ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੇਵਾਦਾਰ ਸਤਨਾਮ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਮੋਰਚਰੀ ਹਾਊਸ ‘ਚ ਰਖਵਾ ਦਿੱਤਾ ਹੈ ਅਤੇ ਸਿਟੀ ਥਾਣਾ ਦੀ ਪੁਲਿਸ ਕਾਰਵਾਈ ਕਰ ਰਹੀ ਹੈ।

Leave a Reply

Your email address will not be published. Required fields are marked *