ਚੰਡੀਗੜ੍ਹ, ਉੱਤਰਾਖੰਡ ਵਿਚ ਵੀਰਵਾਰ ਨੂੰ ਹੋ ਰਹੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੌਰਾਨ ਉਦੋਂ ਹਾਕਮ ਭਾਜਪਾ ਅਤੇ ਕਾਂਗਰਸ ਵਿਚਕਾਰ ਇੱਕ ਹੋਰ ਚੋਣ ਟਕਰਾਅ ਲਈ ਮੰਚ ਤਿਆਰ ਹੋ ਗਿਆ ਜਦੋਂ ਸੀਨੀਅਰ ਕਾਂਗਰਸੀ ਆਗੂ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦਾ ਨਾਂ ਵੋਟਰ ਸੂਚੀ ਵਿੱਚੋਂ ਗ਼ਾਇਬ ਪਾਇਆ ਗਿਆ। ਉਨ੍ਹਾਂ ਇਸ ਘਟਨਾ ਉਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਵੇਰ ਤੋਂ ਵੋਟ ਪਾਉਣ ਲਈ ਇੰਤਜ਼ਾਰ ਕਰ ਰਹੇ ਸਨ, ਪਰ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦਾ ਨਾਂ ਉਸ ਪੋਲਿੰਗ ਸਟੇਸ਼ਨ ਦੀ ਵੋਟਰ ਸੂਚੀ ਵਿਚ ਨਹੀਂ ਮਿਲਿਆ, ਜਿੱਥੇ ਉਨ੍ਹਾਂ ਨੇ ਹਾਲੀਆ ਲੋਕ ਸਭਾ ਚੋਣਾਂ ਵਿੱਚ ਵੋਟ ਪਾਈ ਸੀ। ਰਾਵਤ ਨੇ ਦੋਸ਼ ਲਾਇਆ, “ਉਹ ਹੁਣ ਇਸ ਦੀ ਭਾਲ ਕਰ ਰਹੇ ਹਨ… ਦੇਖਦੇ ਹਾਂ ਕੀ ਹੁੰਦਾ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਮੈਨੂੰ ਜਾਂਚ ਦਾ ਭਰੋਸਾ ਦਿੰਦਿਆਂ ਉਡੀਕ ਕਰਨ ਲਈ ਕਿਹਾ ਹੈ।’’ ਉਨਾਂ ਕਿਹਾ, “ਮੈਨੂੰ ਇਸ ਮਾਮਲੇ ਵਿਚ ਹੋਰ ਸੁਚੇਤ ਰਹਿਣਾ ਚਾਹੀਦਾ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਭਾਜਪਾ ਵੋਟਰ ਸੂਚੀ ਵਿੱਚ ਨਾਂ ਗ਼ਲਤ ਢੰਗ ਨਾਲ ਜੋੜਨ ਅਤੇ ਕੱਟਣ ਦੇ ਮਾਮਲੇ ਵਿੱਚ ਸ਼ਾਮਲ ਹੈ।”
ਇਹ ਚੋਣਾਂ 100 ਸ਼ਹਿਰੀ ਸਥਾਨਕ ਸੰਸਥਾਵਾਂ ਲਈ ਹੋ ਰਹੀਆਂ ਹਨ, ਜਿਨ੍ਹਾਂ ਵਿੱਚੋਂ 11 ਨਗਰ ਨਿਗਮ, 43 ਨਗਰ ਕੌਂਸਲਾਂ ਅਤੇ 46 ਨਗਰ ਪੰਚਾਇਤਾਂ ਸ਼ਾਮਲ ਹਨ। ਇਨ੍ਹਾਂ ਸੰਸਥਾਵਾਂ ਲਈ ਕੁੱਲ 5,405 ਉਮੀਦਵਾਰ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ 11 ਮੇਅਰ ਦੇ ਅਹੁਦਿਆਂ ਲਈ 72 ਉਮੀਦਵਾਰ, ਨਗਰ ਕੌਂਸਲ ਚੇਅਰਪਰਸਨ ਦੇ ਅਹੁਦਿਆਂ ਲਈ 445 ਅਤੇ ਨਗਰ ਕੌਂਸਲਰਾਂ ਦੇ ਅਹੁਦਿਆਂ ਲਈ 4,888 ਉਮੀਦਵਾਰ ਚੋਣ ਲੜ ਰਹੇ ਹਨ।
ਉੱਤਰਾਖੰਡ ਰਾਜ ਚੋਣ ਕਮਿਸ਼ਨਰ ਸੁਸ਼ੀਲ ਕੁਮਾਰ ਨੇ ਕਿਹਾ ਕਿ ਰਾਜ ਦੇ 1282 ਵਾਰਡਾਂ ਵਿੱਚ ਫੈਲੀਆਂ 100 ਸ਼ਹਿਰੀ ਸਥਾਨਕ ਸੰਸਥਾਵਾਂ ਲਈ ਹੋਣ ਵਾਲੀਆਂ ਚੋਣਾਂ ਵਿੱਚ ਕੁੱਲ 30,29000 ਵੋਟਰਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ 1,515 ਪੋਲਿੰਗ ਕੇਂਦਰ ਅਤੇ 3,394 ਪੋਲਿੰਗ ਬੂਥ ਹਨ।
ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਕੁੱਲ 25,800 ਸੁਰੱਖਿਆ ਅਤੇ 16,284 ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਵੋਟਾਂ ਦੀ ਗਿਣਤੀ 25 ਜਨਵਰੀ ਨੂੰ ਕੀਤੀ ਜਾਵੇਗੀ। -ਪੀਟੀਆਈ ਤੋਂ ਵੇਰਵਿਆਂ ਸਮੇਤ