ਹੁਸ਼ਿਆਰਪੁਰ : ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅੱਜ ਸ਼ੋਮਣੀ ਅਕਾਲੀ ਦਲ ਬਾਦਲ ਦਾ ਇੱਕ ਵਫ਼ਦ ਹਰਜਿੰਦਰ ਸਿੰਘ ਧਾਮੀ ਨੂੰ ਮਿਲਣ ਲਈ ਪਹੁੰਚਿਆ। ਉਨ੍ਹਾਂ ਦੇ ਗ੍ਰਹਿ ਵਿਖੇ ਇੱਕ ਘੰਟਾ ਚੱਲੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੋਮਣੀ ਅਕਾਲੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਵਲੋਂ ਸਿੱਖ਼ਾਂ ਦੀ ਸਿਰਮੌਰ ਸੰਸਥਾ ਦੇ ਮੁੱਖ ਅਹੁਦੇ ਤੋਂ ਅਸਤੀਫਾ ਦੇਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਅਸਤੀਫ਼ਾ ਦੇਣ ਸਮੇਂ ਕਿਸੇ ਨਾਲ ਵੀ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਿੱਖਾਂ ਦਾ ਸਿਰਮੌਰ ਸੰਸਥਾ ਵਿਚ ਅਚਾਨਕ ਹੋਏ ਇਸ ਘਟਨਾਕ੍ਰਮ ਨੇ ਅਕਾਲੀ ਦਲ ਨੂੰ ਧੱਕਾ ਲੱਗਾ ਹੈ। ਉਨ੍ਹਾਂ ਕਿਹਾ ਕੁੱਝ ਫ਼ੈਸਲੇ ਅਚਾਨਕ ਦਿਲ ਦੀ ਸੁਣਵਾਈ ਕਰਦੇ ਹੋਏ ਲੈਂਣੇ ਪੈਂਦੇ ਹਨ ਅਤੇ ਧਾਮੀ ਸਾਹਿਬ ਦੇ ਮਨ ਦਾ ਜੋ ਬੋਝ ਸੀ ਉਸ ਨੂੰ ਹਲਕਾ ਕਰਨ ਲਈ ਉਹ ਆਏ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੇ ਮਨ ’ਤੇ ਕਿਹੜਾ ਬੋਝ ਸੀ ਤਾਂ ਦਲਜੀਤ ਸਿੰਘ ਚੀਮਾ ਪਾਸਾ ਵੱਟ ਗਏ। ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਂਡ ਨੇ ਉਨ੍ਹਾਂ ਦਾ ਇੱਕ ਵਫ਼ਦ ਬਣਾ ਕੇ ਡਿਊਟੀ ਲਗਾਈ ਜਿਸ ਕਾਰਨ ਉਹ ਧਾਮੀ ਜੀ ਦੀਆਂ ਭਾਵਨਾਵਾਂ ਨੂੰ ਪਾਰਟੀ ਹਾਈ ਕਮਾਂਡ ਕੋਲ ਪਹੁੰਚਾਉਣਗੇ।