ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਆਮ ਚੋਣਾਂ ਦੇ ਆਏ ਨਤੀਜਿਆਂ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਇਹ ਨਤੀਜੇ ਸਰਕਾਰਾਂ ਦੇ ਹੱਥਾਂ ਵਿਚ ਖੇਡ ਰਹੇ ਲੋਕਾਂ ਨੂੰ ਸੰਗਤ ਵੱਲੋਂ ਦਿਖਾਇਆ ਗਿਆ ਸ਼ੀਸ਼ਾ ਹੈ। ਉਨ੍ਹਾਂ ਆਖਿਆ ਕਿ ਭਾਈ ਬਲਜੀਤ ਸਿੰਘ ਦਾਦੂਵਾਲ ਸਮੇਤ ਸਰਕਾਰੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਸੰਗਤ ਵੱਲੋਂ ਨਕਾਰਿਆ ਜਾਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਦੇ ਸਿੱਖ ਕਦੇ ਵੀ ਗੁਰਧਾਮਾਂ ਦੇ ਪ੍ਰਬੰਧ ਅੰਦਰ ਸਰਕਾਰੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਭਾਵੇਂ ਸ਼੍ਰੋਮਣੀ ਕਮੇਟੀ ਵੱਖਰੀ ਹਰਿਆਣਾ ਕਮੇਟੀ ਦੇ ਹੱਕ ਵਿਚ ਨਹੀਂ ਹੈ, ਪਰੰਤੂ ਫਿਰ ਵੀ ਸੰਗਤ ਨੇ ਜਿਨ੍ਹਾਂ ਨੂੰ ਮੈਂਬਰ ਚੁਣਿਆ ਉਨ੍ਹਾਂ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਸਿੱਖ ਸਿਧਾਂਤਾਂ, ਪੰਥਕ ਮਾਨਤਾਵਾਂ ਅਤੇ ਗੁਰਦੁਆਰਾ ਪ੍ਰਬੰਧ ਦੀ ਪੰਥਕ ਭਾਵਨਾਵਾਂ ਅਨੁਸਾਰ ਸੇਵਾ ਸੰਭਾਲ ਲਈ ਦ੍ਰਿੜ੍ਹਤਾ ਨਾਲ ਵਚਨਬੱਧ ਹੋਣ।
ਹਰਿਆਣਾ ਕਮੇਟੀ ਦੇ ਨਤੀਜਿਆਂ ਨੇ ਸਰਕਾਰੀ ਹੱਥਠੋਕਿਆਂ ਨੂੰ ਦਿਖਾਇਆ ਸ਼ੀਸ਼ਾ : ਐਡਵੋਕੇਟ ਹਰਜਿੰਦਰ ਸਿੰਘ ਧਾਮੀ
