ਨਵੀਂ ਦਿੱਲੀ, ਭਾਜਪਾ ਨੇ ਅਗਾਮੀ ਦਿੱਲੀ ਅਸੈਂਬਲੀ ਚੋਣਾਂ ਲਈ ਆਪਣੇ ਚੋਣ ਮੈਨੀਫੈਸਟੋ ਦਾ ਦੂਜਾ ਹਿੱਸਾ ਅੱਜ ਜਾਰੀ ਕੀਤਾ ਹੈ। ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਅਨੁਰਾਗ ਠਾਕੁਰ ਨੇ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਕੇਜੀ (ਕਿੰਡਰਗਾਰਟਨ) ਤੋਂ ਪੀਜੀ (ਪੋਸਟਗਰੈਜੂਏਟ) ਤੱਕ ਲੋੜਵੰਦ ਵਿਦਿਆਰਥੀਆਂ ਲਈ ਸਰਕਾਰੀ ਸੰਸਥਾਨਾਂ ਵਿਚ ਮੁਫ਼ਤ ਸਿੱਖਿਆ ਸਣੇ ਹੋਰ ਕਈ ਸਕੀਮਾਂ ਦਾ ਐਲਾਨ ਕੀਤਾ ਹੈ।
ਮੈਨੀਫੈਸਟੋ ਵਿਚ ਯੂਪੀਐੱਸਸੀ ਸਿਵਲ ਸੇਵਾਵਾਂ ਤੇ ਸਟੇਟ ਪੀਸੀਐੱਸ ਜਿਹੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵਿੱਤੀ ਹੁਲਾਰਾ ਦੇਣ ਲਈ ਪ੍ਰੀਖਿਆ ਦੇ ਦੋ ਮੌਕਿਆਂ ਲਈ 15000 ਰੁਪਏ ਤੱਕ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਭੀਮ ਰਾਓ ਅੰਬੇਦਕਰ ਵਜ਼ੀਫਾ ਸਕੀਮ ਤਹਿਤ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਵਿਦਿਆਰਥੀ, ਜੋ ਆਈਟੀਆਈਜ਼ ਤੇ ਪੌਲੀਟੈਕਨਿਕ ਸਕਿੱਲ ਸੈਂਟਰਾਂ ਵਿਚ ਤਕਨੀਕੀ ਕੋਰਸ ਕਰ ਰਹੇ ਹਨ, ਨੂੰ ਮਾਸਿਕ 1000 ਰੁਪਏ ਦਾ ਵਜ਼ੀਫ਼ਾ ਦੇਣ ਦਾ ਐਲਾਨ ਕੀਤਾ ਹੈ।
ਭਾਜਪਾ ਨੇ ਚੋਣ ਮੈਨੀਫੈਸਟੋ ਵਿਚ ਆਟੋ ਟੈਕਸੀ ਡਰਾਈਵਰ ਵੈਲਫੇਅਰ ਬੋਰਡ ਬਣਾਉਣ ਦੀ ਤਜਵੀਜ਼ ਵੀ ਰੱਖੀ ਹੈ, ਜਿਸ ਤਹਿਤ ਡਰਾਈਵਰਾਂ ਨੂੰ 10 ਲੱਖ ਦਾ ਜੀਵਨ ਬੀਮਾ ਤੇ ਪੰਜ ਲੱਖ ਦਾ ਦੁਰਘਟਨਾ ਬੀਮਾ ਦੇਣ ਦਾ ਵਾਅਦ ਕੀਤਾ ਗਿਆ ਹੈ। ਇਸੇ ਤਰ੍ਹਾਂ ਘਰੇਲੂ ਵਰਕਰਾਂ ਲਈ ਭਲਾਈ ਬੋਰਡ ਦੀ ਵੀ ਗੱਲ ਕੀਤੀ ਹੈ। ਸਾਬਕਾ ਕੇਂਦਰੀ ਮੰਤਰੀ ਨੇ ਐਲਾਨ ਕੀਤਾ ਕਿ ਜੇ ਭਾਜਪਾ ਕੌਮੀ ਰਾਜਧਾਨੀ ਵਿਚ ਸੱਤਾ ’ਚ ਆਉਂਦੀ ਹੈ ਤਾਂ ਭਾਜਪਾ ਵੱਲੋਂ ‘ਆਪ’ ਦੀਆਂ ਬੇਨਿਯਮੀਆਂ ਤੇ ਘੁਟਾਲਿਆਂ ਦੀ ਜਾਂਚ ਲਈ ‘ਸਿਟ’ ਬਣਾਈ ਜਾਵੇਗੀ।
ਠਾਕੁਰ ਨੇ ਦਿੱਲੀ ਵਿਚ ਜਲ ਜੀਵਨ ਮਿਸ਼ਨ ਲਾਗੂ ਨਾ ਕਰਨ ਲਈ ਵੀ ‘ਆਪ’ ਸਰਕਾਰ ਦੀ ਆਲੋਚਨਾ ਕੀਤੀ। ਪਾਰਟੀ ਨੇ ਮਹਿਲਾਵਾਂ ਲਈ ਮਾਤਰੂ ਸੁਰੱਕਸ਼ਾ ਵੰਦਨਾ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਸ ਤਹਿਤ ਹਰੇਕ ਗਰਭਵਤੀ ਮਹਿਲਾ ਨੂੰ ਛੇ ਪੋਸ਼ਕ ਕਿੱਟਾਂ ਤੇ 21 ਹਜ਼ਾਰ ਰੁਪਏ ਦਿੱਤੇ ਜਾਣਗੇ। ਭਾਜਪਾ, ਜਿਸ ਨੇ ਇਕ ਵੇਲੇ 27 ਸਾਲ ਤੱਕ ਦਿੱਲੀ ਵਿਚ ਰਾਜ ਕੀਤਾ, 2015 ਤੇ 2020 ਦੀਆਂ ਪਿਛਲੀਆਂ ਚੋਣਾਂ ਦੌਰਾਨ ਕ੍ਰਮਵਾਰ 3 ਤੇ 8 ਸੀਟਾਂ ਹੀ ਜਿੱਤ ਸਕੀ ਸੀ। ਦਿੱਲੀ ਦੀ 70 ਮੈਂਬਰੀ ਅਸੈਂਬਲੀ ਲਈ ਵੋਟਾਂ 5 ਫਰਵਰੀ ਨੂੰ ਪੈਣਗੀਆਂ ਤੇ ਨਤੀਜਿਆਂ ਦਾ ਐਲਾਨ 8 ਫਰਵਰੀ ਨੂੰ ਹੋਵੇਗਾ।