ਸ਼ੁਭਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦੇ ਦਰਦਨਾਕ ਕਤਲ ਤੋਂ ਬਾਅਦ ਪੰਜਾਬ ਦੇ ਲੋਕਾਂ ਵਿੱਚ ਪੈਦਾ ਹੋਈ ਡਰ ਦੀ ਭਾਵਨਾ ਕਰਕੇ ਹਰ ਪੰਜਾਬ ਨੂੰ ਪਿਆਰ ਕਰਨ ਵਾਲੇ ਦਾ ਦਿਲ ਦਹਿਲ ਗਿਆ ਹੈ। ਮੌਤ ਭਾਵੇਂ ਕਿਸੇ ਵੀ ਸੈਲੀਬਰਿਟੀ ਜਿਨ੍ਹਾਂ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ, ਗੁਰਲਾਲ ਬਰਾੜ ਅਤੇ ਨੌਜਵਾਨ ਅਕਾਲੀ ਲੀਡਰ ਵਿਕੀ ਮਿਡੂਖੇੜਾ ਵਰਗੇ ਨੌਜਵਾਨਾਂ ਦੀ ਜਾਂ ਕਿਸੇ ਹੋਰ ਅਜਿਹੇ ਵਿਅਕਤੀ ਦੀ ਹੋਵੇ, ਉਹ ਵੀ ਉਤਨੀ ਹੀ ਦਰਦਨਾਕ ਸੀ, ਜਿਤਨੀ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹੋਈ ਹੈ। ਮੌਤ ਇੱਕ ਅਟੱਲ ਸਚਾਈ ਹੈ ਪ੍ਰੰਤੂ ਇਹ ਕਿਵੇਂ ਤੇ ਕਿਉਂ ਹੋਈ, ਇਹ ਇਨਸਾਨ ਨੂੰ ਹਲੂਣ ਕੇ ਰੱਖ ਦਿੰਦੀ ਹੈ? ਕੁਦਰਤੀ ਢੰਗ ਨਾਲ ਹੋਈ ਮੌਤ ਨੂੰ ਬਰਦਾਸ਼ਤ ਕਰਨਾ ਸੌਖਾ ਹੁੰਦਾ ਹੈ ਪ੍ਰੰਤੂ ਜਿਹੜੀ ਅਚਾਨਕ ਮੌਤ ਹੋਵੇ ਉਹ ਬਹੁਤ ਦੁੱਖਦਾਈ ਹੁੰਦੀ ਹੈ। ਮੌਤ ਭਾਵੇਂ ਕਿਸੇ ਵੀ ਮਾਂ ਦੇ ਪੁੱਤ-ਧੀ ਦੀ ਹੋਵੇ, ਉਹ ਹਮੇਸ਼ਾ ਦੁੱਖਦਾਈ ਅਤੇ ਅਤਿਅੰਤ ਦਰਦਨਾਕ ਹੁੰਦੀ ਹੈ। ਅਜਿਹੀਆਂ ਮੌਤਾਂ ਨੂੰ ਤਥਾ ਕਥਿਤ ਗੈਂਗਸਟਰਾਂ ਦੇ ਨਾਮ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਇਹ ਕੌਣ ਲੋਕ ਹਨ? ਇਹ ਵੀ ਕਿਸੇ ਮਾਂ-ਪਿਓ ਦੇ ਪੁੱਤ-ਧੀ, ਭੈਣ-ਭਰਾ ਅਤੇ ਪਤੀ-ਪਤਨੀ ਹੁੰਦੇ ਹਨ। ਉਨ੍ਹਾਂ ਨੂੰ ਵੀ ਹਮਦਰਦੀ, ਪਿਆਰ ਅਤੇ ਸਤਿਕਾਰ ਦੀ ਲੋੜ ਹੁੰਦੀ ਹੈ। ਫਿਰ ਉਹ ਕਿਉਂ ਅਜਿਹੇ ਕੰਮਾ ਵਿੱਚ ਪੈ ਕੇ ਮਾਂ-ਪਿਓ, ਭੈਣ-ਭਰਾ ਅਤੇ ਪਤੀ-ਪਤਨੀ ਨੂੰ ਸੰਤਾਪ ਭੋਗਣ ਲਈ ਮਜ਼ਬੂਰ ਕਰਦੇ ਹਨ। ਸਮਾਜ ਨੂੰ ਇਹ ਸੋਚਣਾ ਹੋਵੇਗਾ ਕਿ ਉਹ ਕਿਹੜੇ ਹਾਲਾਤ ਵਿੱਚ ਇਸ ਪਾਸੇ ਨੂੰ ਮੁੱਖ ਮੋੜਦੇ ਹਨ? ਜਦੋਂ ਕਿ ਉਨ੍ਹਾਂ ਦੇ ਪਰਿਵਾਰ ਇਹ ਕੁਝ ਨਹੀਂ ਚਾਹੁੰਦੇ ਹੁੰਦੇ, ਕਿਉਂਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਮੇਸ਼ਾ ਜਾਨ ਤਲੀ ‘ਤੇ ਧਰੀ ਹੁੰਦੀ ਹੈ। ਸਮਾਜ ਵਿੱਚ ਵੀ ਬਦਨਾਮੀ ਹੁੰਦੀ ਹੈ। ਡਰ ਅਤੇ ਸਹਿਮ ਦੇ ਮਾਹੌਲ ਵਿੱਚ ਜੀਵਨ ਬਤੀਤ ਕਰਨਾ ਪੈਂਦਾ ਹੈ। ਸਰਕਾਰੀ ਤੰਤਰ ਉਨ੍ਹਾਂ ਦਾ ਜੀਣਾ ਦੁੱਭਰ ਕਰ ਦਿੰਦਾ। ਉਹ ਹਮੇਸ਼ਾ ਪੁਲਿਸ ਦੀ ਹਿਟ ਲਿਸਟ ਤੇ ਹੁੰਦੇ ਹਨ। ਪੁਲਿਸ ਪਰਿਵਾਰਾਂ ਨੂੰ ਵੀ ਤੰਗ ਪ੍ਰੇਸ਼ਾਨ ਕਰਦੀ ਰਹਿੰਦੀ ਹੈ। ਇਹ ਪੰਜਾਬੀਆਂ ਲਈ ਗੰਭੀਰਤਾ ਨਾਲ ਸੋਚਣ ਦਾ ਸਮਾਂ ਹੈ। ਸਭ ਤੋਂ ਪਹਿਲੀ ਗੱਲ ਉਨ੍ਹਾਂ ਨੂੰ ਅਜਿਹੇ ਪਾਸੇ ਜਾਣ ਤੋਂ ਰੋਕਣ ਲਈ ਵਾਤਾਵਰਨ ਭਾਈਚਾਰਕ ਸਾਂਝੀਵਾਲਤਾ ਵਾਲਾ ਬਣਾਇਆ ਜਾਵੇ। ਇਹ ਸਮੁੱਚੇ ਭਾਈਚਾਰੇ ਦੀ ਜ਼ਿੰਮੇਵਾਰੀ ਬਣਦੀ ਹੈ। ਸਾਡੇ ਸਾਰੇ ਧਰਮਾ ਦੇ ਮੁੱਖੀਆਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ। ਕੋਈ ਵੀ ਧਰਮ ਮਾਰਧਾੜ ਅਤੇ ਕਤਲੇਆਮ ਵਿੱਚ ਯਕੀਨ ਨਹੀਂ ਰੱਖਦਾ। ਪੰਜਾਬੀਆਂ ਨੂੰ ਉਸ ਤੇ ਪਹਿਰਾ ਦਿੰਦੇ ਹੋਏ ਆਪਣੇ ਬੱਚਿਆਂ ਨੂੰ ਆਪਸੀ ਪਿਆਰ ਨਾਲ ਵਿਚਰਣ ਦੀ ਸਿਖਿਆ ਦਿੱਤੀ ਜਾਵੇ। ਉਨ੍ਹਾਂ ਨੂੰ ਆਤਮ ਨਿਰਭਰ ਅਤੇ ਹੱਥੀਂ ਕੰਮ ਕਰਨ ਦੀ ਸਿਖਿਆ ਦਿੱਤੀ ਜਾਵੇ ਕਿਉਂਕਿ ਸਰਕਾਰੀ ਨੌਕਰੀਆਂ ਦਾ ਸਮਾਂ ਖ਼ਤਮ ਹੋ ਗਿਆ ਹੈ। ਸੰਸਾਰ ਵਿੱਚ ਪ੍ਰਾਈਵੇਟ ਕਾਰੋਬਾਰ ਦਾ ਯੁਗ ਹੈ। ਸਰਕਾਰਾਂ ਫੇਲ੍ਹ ਹੋ ਚੁੱਕੀਆਂ ਹਨ। ਸਰਕਾਰਾਂ ਨੂੰ ਵੀ ਆਪਣੀਆਂ ਨੀਤੀਆਂ ਵਿੱਚ ਤਬਦੀਲੀਆਂ ਕਰਕੇ ਨੌਜਾਵਾਨਾ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਅਤੇ ਰੋਜ਼ਗਾਰ ਮੁਹੱਈਆਂ ਕਰਵਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਪਾਸੇ ਸਿਆਸੀ ਪਾਰਟੀਆਂ ਮਹੱਤਵਪੂਰਨ ਯੋਗਦਾਨ ਪਾ ਸਕਦੀਆਂ ਹਨ, ਬਸ਼ਰਤੇ ਕਿ ਉਹ ਸਿਆਸਤ ਤੋਂ ਉਪਰ ਉਠਕੇ ਪੰਜਾਬ ਦੇ ਭਲੇ ਬਾਰੇ ਸੰਜੀਦਾ ਹੋਣ। ਘਿਰਣਾ ਦੀ ਸਿਆਸਤ ਨੂੰ ਤਿਲਾਂਜਲੀ ਦਿੱਤੀ ਜਾਵੇ। ਜਿਸ ਤਰ੍ਹਾਂ ਹੁਣ ਸਮੁੱਚਾ ਪੰਜਾਬ ਅਤੇ ਸਿਆਸੀ ਪਾਰਟੀਆਂ ਸ਼ੁਭਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰ ਰਹੀਆਂ ਹਨ, ਉਸੇ ਤਰ੍ਹਾਂ ਉਨ੍ਹਾਂ ਨੂੰ ਹਰ ਅਜਿਹੀ ਮੌਤ ‘ਤੇ ਦੁੱਖ ਪ੍ਰਗਟ ਕਰਨਾ ਚਾਹੀਦਾ ਹੈ। ਅਜੇ ਵੀ ਸਮਾਂ ਹੈ ਕਿ ਜਿਵੇਂ ਇਹ ਸਾਰੀਆਂ ਸਿਆਸੀ ਪਾਰਟੀਆਂ ਹਮਦਰਦੀ ਵਿਖਾਉਣ ਲਈ ਇਕ ਦੂਜੇ ਤੋਂ ਅੱਗੇ ਹੋ ਰਹੀਆਂ ਹਨ, ਉਸੇ ਤਰ੍ਹਾਂ ਆਪਸੀ ਦੁਸ਼ਮਣੀ, ਰੰਜ਼ਸ਼ ਅਤੇ ਵਿਰੋਧ ਨੂੰ ਤਿਲਾਂਜ਼ਲੀ ਦੇ ਕੇ ਇਕੱਮੁੱਠਤਾ ਨਾਲ ਇਸ ਸਮੱਸਿਆ ਦੇ ਹਲ ਲਈ ਸਾਂਝੇ ਤੌਰ ਲੋਕ ਰਾਇ ਬਣਾਉਣ ਤਾਂ ਜੋ ਕਿਸੇ ਵੀ ਮਾਂ-ਪਿਓ ਦੇ ਪੁੱਤ ਦੀ ਮੌਤ ਇਸ ਪ੍ਰਕਾਰ ਨਾ ਹੋਵੇ। ਘਿਰਣਾ ਦੀ ਥਾਂ ਪਿਆਰ ਅਤੇ ਸਦਭਾਵਨਾ ਦਾ ਵਾਤਾਵਰਨ ਪੈਦਾ ਕੀਤਾ ਜਾਵੇ। ਸਿਆਸੀ ਰੋਟੀਆਂ ਸੇਕਣ ਤੋਂ ਪ੍ਰਹੇਜ਼ ਕੀਤਾ ਜਾਵੇ। ਹਰ ਇਕ ਇਨਸਾਨ ਨੇ ਇਕ ਨਾ ਇਕ ਦਿਨ ਇਸ ਸੰਸਾਰ ਨੂੰ ਅਲਵਿਦਾ ਕਹਿਣੀ ਹੈ, ਫਿਰ ਕਿਸੇ ਦਾ ਬੁਰਾ ਕਿਉਂ ਕੀਤਾ ਜਾਵੇ। ਸਮੇਂ ਤੋਂ ਪਹਿਲਾਂ ਨਾ ਕਿਸੇ ਨੂੰ ਮਾਰਿਆ ਜਾਵੇ। ਵਿਓਪਾਰੀਆਂ ਲਈ ਵੀ ਇਕ ਬੇਨਤੀ ਹੈ ਕਿ ਉਹ ਆਪਣਾ ਕਾਰੋਬਾਰ ਸਾਫ਼ ਸੁਥਰੇ ਢੰਗ ਨਾਲ ਕਰਨ, ਮੁਨਾਫਾ ਜ਼ਾਇਜ ਲਿਆ ਜਾਵੇ। ਲੋਕਾਂ ਦੇ ਗਲ ਘੁੱਟ ਕੇ ਮੁਨਾਫਾ ਨਾ ਕਮਾਇਆ ਜਾਵੇ। ਮਜ਼ਦੂਰਾਂ ਨੂੰ ਮਜ਼ਦੂਰੀ ਦਾ ਸਹੀ ਮੁੱਲ ਦਿੱਤਾ ਜਾਵੇ। ਕਿਸੇ ਇਨਸਾਨ ਨਾਲ ਜ਼ਿਆਦਤੀ ਨਾ ਕੀਤੀ ਜਾਵੇ।
ਪੰਜਾਬ ਦਾ ਇਤਿਹਾਸ ਅਮੀਰ ਵਿਰਾਸਤ ਦਾ ਪ੍ਰਤੀਕ ਹੈ। ਗੁਰੂਆਂ ਪੀਰਾਂ ਦੀ ਧਰਤੀ ਦੀ ਪਵਿਤਰਤਾ ਮੁੜ ਬਹਾਲ ਕੀਤੀ ਜਾਵੇ। ਕਿਉਂਕਿ ਕੋਈ ਵੀ ਧਰਮ ਗ੍ਰੰਥ ਇਨਸਾਨੀਅਤ ਦਾ ਕਤਲ ਕਰਨ ਦੀ ਇਜ਼ਾਜਤ ਨਹੀਂ ਦਿੰਦਾ। ਫਿਰ ਸਾਡੇ ਨੌਜਵਾਨ ਕਿਉਂ ਗੁਮਰਾਹ ਹੋ ਰਹੇ ਹਨ। ਅਜਿਹੇ ਜੀਵਨ ਦਾ ਕੀ ਲਾਭ ਜਿਸ ਵਿੱਚ ਇਨਸਾਨ ਹਮੇਸ਼ਾ ਡਰ ਦੀ ਭਾਵਨਾ ਨਾਲ ਸੂਲੀ ‘ਤੇ ਟੰਗਿਆ ਰਹੇ। ਸਿਆਸੀ ਪਾਰਟੀਆਂ ਲਈ ਚੋਣਾ ਤਾਂ ਆਉਂਦੀਆਂ ਰਹਿਣਗੀਆਂ ਪ੍ਰੰਤੂ ਪੰਜਾਬੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨੀ ਅਸੰਭਵ ਹੈ। ਅੱਸੀਵਿਆਂ ਵਿੱਚ ਪੰਜਾਬ ਨੇ ਸੰਤਾਪ ਭੋਗ ਕੇ ਵੇਖਿਆ ਹੈ। ਹਜ਼ਾਰਾਂ ਮਾਵਾਂ ਦੇ ਨੌਜਵਾਨ ਪੁੱਤ ਅਖਾਉਤੀ ਅਤਿਵਾਦ, ਆਪਸੀ ਧੜੇਬੰਦੀ ਅਤੇ ਸਰਕਾਰੀ ਤੰਤਰ ਦੀਆਂ ਕਾਰਵਾਈਆਂ ਦਾ ਸ਼ਿਕਾਰ ਹੋ ਕੇ ਜਾਨਾ ਗੁਆ ਚੁੱਕੇ ਹਨ। ਉਨ੍ਹਾਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰੂ ਘਰਾਂ ਵਿੱਚ ਜ਼ੁਲਮ ਹੋਏ ਤੇ ਜਾਨਾ ਗਈਆਂ। ਅਨੇਕਾਂ ਮਾਵਾਂ ਦੇ ਪੁੱਤ, ਭੈਣਾ ਦੇ ਭਰਾ ਅਤੇ ਇਸਤਰੀਆਂ ਦੇ ਪਤੀ ਮੌਤ ਦੇ ਮੂੰਹ ਵਿੱਚ ਚਲੇ ਗਏ। ਬੱਚੇ ਅਨਾਥ ਹੋ ਗਏ। ਪੰਜਾਬ ਦੀ ਆਰਥਿਕਤਾ ਸੁਰੱਖਿਆ ਏਜੰਸੀਆਂ ਤੇ ਹੋਏ ਖ਼ਰਚੇ ਕਰਕੇ ਡਾਵਾਂ ਡੋਲ ਹੋ ਗਈ, ਜਿਸਦਾ ਸੰਤਾਪ ਅੱਜ ਤੱਕ ਪੰਜਾਬ ਭੁਗਤ ਰਿਹਾ ਹੈ। ਅਜੇ ਤੱਕ ਉਹ ਜ਼ਖ਼ਮ ਅੱਲੇ ਹਨ। ਇਸ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਸੁਣਕੇ ਵਰਤਮਾਨ ਅਸਥਿਰਤਾ ਦੀ ਸਥਿਤੀ ਦਾ ਮੁਕਾਬਲਾ ਕਰਨ ਲਈ ਸਰਬ ਪਾਰਟੀ ਦੀ ਮੀਟਿੰਗ ਬੁਲਾਕੇ ਏਕਤਾ ਦਾ ਸਬੂਤ ਦੇਣਾ ਚਾਹੀਦਾ ਹੈ। ਪਹਿਲ ਕਰਨਾ ਸਰਕਾਰ ਦਾ ਫਰਜ ਬਣਦਾ ਹੈ। ਅਜਿਹੇ ਕਤਲਾਂ ਨੂੰ ਟਾਰਗੈਟ ਕਿÇਲੰਗ ਕਹਿਕੇ ਸਰਕਾਰ ਆਪਣੇ ਫਰਜ਼ਾਂ ਤੋਂ ਮੁਨਕਰ ਨਹੀਂ ਹੋ ਸਕਦੀ। ਸਰਕਾਰ ਨੂੰ ਕੋਈ ਠੋਸ ਨੀਤੀ ਬਣਾਕੇ ਸਰਬਸੰਮਤੀ ਨਾਲ ਫ਼ੈਸਲਾ ਕਰਨਾ ਚਾਹੀਦਾ ਹੈ। ਜੇਕਰ ਸਿਆਸੀ ਲੋਕ ਹੁਣ ਵੀ ਨਾ ਸਮਝੇ ਤਾਂ ਪੰਜਾਬ ਦੀ ਜਵਾਨੀਂ ਨੂੰ ਬਚਾਉਣਾ ਅਸੰਭਵ ਹੋ ਜਾਵੇਗਾ। ਪਹਿਲਾਂ ਹੀ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਲਪੇਟ ਵਿੱਚ ਆਈ ਹੋਈ ਹੈ। ਨੌਜਵਾਨਾ ਦੀ ਕਾਊਂਸÇਲੰਗ ਕਰਨ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਨੌਜਵਾਨਾਂ ਨੂੰ ਵੀ ਕਿਸੇ ਦੀ ਤਰੱਕੀ ‘ਤੇ ਖ਼ਾਰ ਨਹੀਂ ਖਾਣੀ ਚਾਹੀਦੀ ਸਗੋਂ ਮੁਕਾਬਲੇ ਦੀ ਭਾਵਨਾ ਨਾਲ ਖੁਦ ਤਰੱਕੀ ਕਰਨ ਦੇ ਉਪਰਾਲ ਕਰਨੇ ਚਾਹੀਦੇ ਹਨ। ਜੇਲ੍ਹਾਂ ਵਿੱਚ ਬੰਦ ਨੌਜਵਾਨਾ ਨੂੰ ਸਿੱਧੇ ਰਸਤੇ ਪਾਉਣ ਲਈ ਉਨ੍ਹਾਂ ਦੇ ਮਾਪਿਆਂ ਦੀ ਸਹਿਮਤੀ ਨਾਲ ਕਾਊਂਸÇਲੰਗ ਕਰਨ ਵਾਲੀਆਂ ਟੀਮਾ ਜੇਲ੍ਹਾਂ ਦੇ ਦੌਰੇ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਨ । ਨੌਜਵਾਨਾ ਦੇ ਮਾਪੇ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਲੈਣ ਤਾਂ ਜੋ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ। ਪੁਲਿਸ, ਜੇਲ੍ਹ ਅਤੇ ਸਿਵਲ ਅਧਿਕਾਰੀਆਂ ਨੂੰ ਵੀ ਆਪਣੀ ਸੋਚ ਬਦਲਨੀ ਪਵੇਗੀ ਤਾਂ ਜੋ ਨੌਜਵਾਨਾ ਨੂੰ ਸਿੱਧ ਰਸਤੇ ਪਾਇਆ ਜਾ ਸਕੇ।
ਉਜਾਗਰ ਸਿੰਘ