ਨਾ ਸਾਰੇ ਲੋਕ ਹੀ ਚੰਗੇ ਹੁੰਦੇ,
‘ਤੇ ਨਾ ਹੁੰਦੇ ਸਾਰੇ ਮਾੜੇ,
ਇਹ ਤਾਂ ਲੋਕੋ ਆਪਣੀ ਆਪਣੀ,
ਸਮਝ ਦੇ ਹੀ ਨੇ ਪੁਆੜੇ।
ਕਿਹੜਾ ਕਿਸ ਦੇ ਕਿਹੜੇ ਪੱਖੋਂ,
ਸਿਫਤਾਂ ਦੇ ਪੁਲ਼ ਬੰਨ੍ਹੇ,
ਕਿਹੜਾ ਆਪਣੀ ਭੈੜੀ ਨੀਤ ਨਾਲ,
ਨਿੱਤ ਕਿਸੇ ਨੂੰ ਤਾੜੇ।
ਕਿਸੇ ਨੂੰ ਤਾਂ ਮਾਂਹ ਵਾਦੀ ਕਰਦੇ,
ਕਿਸੇ ਨੂੰ ਹੋਣ ਮੁਫਾਦੀ,
ਕੋਈ ਖਾਵੇ ਕੌੜ ਕਰੇਲੇ ਵੀ,
ਲਾ ਲਾ ਕੇ ਚਟਕਾਰੇ।
ਆਪਣੇ ਆਪਣੇ ਗਜ਼ ਨਾਲ ਮਾਪਣ,
ਸਾਰੇ ਇੱਕ ਦੂਜੇ ਨੂੰ,
ਇਸੇ ਲਈ ਵਖਰੇਵੇਂ ਦੇ ਹਰ ਦਿਨ,
ਵਧਦੇ ਜਾਵਣ ਪਾੜੇ।
ਜੇ ਕੋਈ ਕਿਸੇ ਦੇ ਸੌ ਕੰਮ ਸਾਰੇ,
ਪਰ ਇੱਕ ਸਾਰ ਨਾ ਸਕੇ,
ਲੋਕੀ ਸੌ ਵੀ ਝੱਟ ਭੁੱਲ ਜਾਂਦੇ,
‘ਤੇ ਉਪਕਾਰੀ ਜਾਂਦੇ ਲਿਤਾੜੇ।
ਨਾਇਕ ਤੋਂ ਖਲਨਾਇਕ ਬਣਾ ਕੇ,
ਦੁਨੀਆ ਨੇ ਕਈ ਛੱਡੇ,
ਇਸ ਦੁਨੀਆ ਨੇ ਬੇਗਿਣਤ ਹੀ,
ਵਸਦੇ ਰਹਿਬਰ ਉਜਾੜੇ।
ਮਨੁੱਖਤਾ ਨੂੰ ਪਰਖਣ ਦੇ ਵਿੱਚ,
ਮਨੁੱਖ ਹੀ ਕਰਦਾ ਧੋਖਾ,
ਹੈ ਕੋਈ ਐਸਾ ਸੱਚਾ ਇਨਸਾਫੀ,
ਜੋ ਦੁੱਧ ‘ਤੇ ਪਾਣੀ ਨਿਤਾਰੇ?
ਰਵਿੰਦਰ ਸਿੰਘ ਕੁੰਦਰਾ