ਸ਼ਿਮਲਾ, ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੀਤ ਲਹਿਰ ਜਾਰੀ ਹੈ ਅਤੇ ਸ਼ਿਮਲਾ ਸਣੇ ਉਚਾਈ ਵਾਲੇ ਇਲਾਕਿਆਂ ਤੇ ਕਬਾਇਲੀ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਣ ਨਾਲ ਹਾਲਾਤ ਹੋਰ ਖ਼ਰਾਬ ਹੋ ਗਏ ਹਨ। ਮੌਸਮ ਵਿਭਾਗ ਨੇ ਅੱਜ ਇਹ ਜਾਣਕਾਰੀ ਦਿੱਤੀ।
ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਰਾਤ ਤੋਂ ਸੂਬੇ ਦੀ ਰਾਜਧਾਨੀ ਸ਼ਿਮਲਾ ਵਿੱਚ 1.6 ਸੈਂਟੀਮੀਟਰ ਬਰਫ਼ਬਾਰੀ ਦਰਜ ਕੀਤੀ ਗਈ। ਡਲਹੌਜ਼ੀ, ਮਨਾਲੀ ਅਤੇ ਸੋਲੰਗ ਨਾਲਾ ਤੇ ਅਟਲ ਸੁਰੰਗ ਦੇ ਆਸਪਾਸ ਦੇ ਇਲਾਕਿਆਂ ਵਿੱਚ ਵੀ ਅੱਜ ਬਰਫ਼ਬਾਰੀ ਹੋਈ।
ਅਧਿਕਾਰੀਆਂ ਨੇ ਦੱਸਿਆ ਕਿ ਨਾਰਕੰਡਾ ਤੇ ਕੁਫਰੀ ਵਿੱਚ ਬਰਫ਼ਬਾਰੀ ਜਾਰੀ ਹੈ, ਜਿਸ ਕਰ ਕੇ ਨਾਰਕੰਡਾ ਨੇੜੇ ਕੌਮੀ ਸ਼ਾਹਰਾਹ ਨੰਬਰ-5 (ਪੁਰਾਣਾ ਹਿੰਦੁਸਤਾਨ ਤਿੱਬਤ ਮਾਰਗ) ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਵਾਹਨਾਂ ਨੂੰ ਸ਼ਿਮਲਾ-ਸੁੰਨੀ-ਲੁਹਰੀ ਮਾਰਗ ਤੋਂ ਭੇਜਿਆ ਜਾ ਰਿਹਾ ਹੈ। ਬਰਫ਼ਬਾਰੀ ਤੋਂ ਬਾਅਦ ਲਾਹੌਲ ਤੇ ਸਪਿਤੀ ਪ੍ਰਸ਼ਾਸਨ ਨੇ ਇਕ ਐਡਵਾਈਜ਼ਰੀ ਜਾਰੀ ਕਰ ਕੇ ਯਾਤਰੀਆਂ ਨੂੰ ਬੇਲੋੜੀ ਯਾਤਰਾ ਤੋਂ ਬਚਣ ਲਈ ਕਿਹਾ ਹੈ ਕਿਉਂਕਿ ਇਹ ਖ਼ਤਰਨਾਕ ਹੋ ਸਕਦਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸੂਬੇ ਦੇ ਕੁਝ ਹਿੱਸਿਆਂ ਵਿੱਚ ਰੁਕ-ਰੁਕ ਕੇ ਮੀਂਹ ਪਿਆ।
ਲਾਹੌਲ ਤੇ ਸਪਿਤੀ ਦਾ ਤਾਬੋ ਰਾਤ ਵਿੱਚ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ ਘੱਟ ਤਾਪਮਾਨ ਮਨਫੀ 11.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅੱਜ ਮੈਦਾਨੀ ਤੇ ਹੇਠਲੇ ਇਲਾਕਿਆਂ ’ਚ ਸੀਤ ਲਹਿਰ ਦਾ ‘ਯੈੱਲੋ ਅਲਰਟ’ ਜਾਰੀ ਕੀਤਾ ਹੈ ਅਤੇ ਸ਼ੁੱਕਰਵਾਰ ਨੂੰ ਦਰਮਿਆਨੇ ਤੇ ਉਚਾਈ ਵਾਲੇ ਪਹਾੜੀ ਇਲਾਕਿਆਂ ’ਚ ਮੀਂਹ ਤੇ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ।