ਚੰਡੀਗੜ੍ਹ : ਸਾਊਥ ਡਵੀਜ਼ਨ ਦੇ ਪੁਲਸ ਥਾਣੇ ’ਚ ਬੰਬ ਧਮਾਕਾ ਹੋਵੇਗਾ। ਅਟੈਕ ਰਾਤ 12 ਵਜੇ ਤੋਂ ਸਵੇਰੇ 4 ਵਜੇ ਦੇ ਵਿਚਕਾਰ ਕੀਤਾ ਜਾਵੇਗਾ। ਇਹ ਧਮਕੀ ਵਿਦੇਸ਼ ’ਚ ਬੈਠੇ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਦੇ ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸ਼ੀਆ ਨੇ ਚੰਡੀਗੜ੍ਹ ਪੁਲਸ ਨੂੰ ਦਿੱਤੀ ਹੈ। ਸਾਊਥ ਡਵੀਜ਼ਨ ਥਾਣੇ ਬੰਬ ਨਾਲ ਉਡਾਉਣ ਸਬੰਧੀ ਆਈ. ਬੀ. ਨੇ ਵੀ ਚੰਡੀਗੜ੍ਹ ਪੁਲਸ ਨੂੰ ਅਲਰਟ ਕੀਤਾ ਹੈ। ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸ਼ੀਆ ਚੰਡੀਗੜ੍ਹ ਦੇ ਸੈਕਟਰ-10 ਸਥਿਤ ਕੋਠੀ ’ਤੇ ਹੈਂਡ ਗ੍ਰਨੇਡ ਨਾਲ ਹਮਲਾ ਕਰਵਾ ਚੁੱਕਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਊਥ ਡਵੀਜ਼ਨ ਦੇ ਸਾਰੇ ਥਾਣਿਆਂ ਦੇ ਬਾਹਰ ਨਾਕੇਬੰਦੀ ਕਰ ਦਿੱਤੀ ਗਈ ਹੈ। ਥਾਣਿਆਂ ਦੇ ਬਾਹਰ ਲੱਗੇ ਨਾਕਿਆਂ ’ਤੇ ਪੁਲਸ ਸ਼ੱਕੀ ਵਿਅਕਤੀਆਂ ਨੂੰ ਰੁਕਣ ਨਹੀਂ ਦੇ ਰਹੀ। ਪੁਲਸ ਦੋਪਹੀਆ ਵਾਹਨ ਸਵਾਰਾਂ ’ਤੇ ਖ਼ਾਸ ਨਜ਼ਰ ਰੱਖ ਰਹੀ ਹੈ। ਅੱਤਵਾਦੀ ਨੇ 26 ਜਨਵਰੀ ਤੋਂ ਪਹਿਲਾਂ ਇਸ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ ਹੈ। ਉੱਚ ਅਧਿਕਾਰੀਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਥਾਣਾ ਇੰਚਾਰਜਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਸਾਊਥ ਡਵੀਜ਼ਨ ’ਚ ਸੈਕਟਰ-31, 34, 36, 39, 49 ਅਤੇ ਮਲੋਆ ਥਾਣਾ ਆਉਂਦੇ ਹਨ।
ਇਨ੍ਹਾਂ ਥਾਣਿਆਂ ਦੇ ਗੇਟਾਂ ਕੋਲ ਸੜਕ ਦੇ ਦੋਵੇਂ ਪਾਸੇ ਬੈਰੀਕੇਡ ਲਗਾ ਕੇ ਨਾਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਪੀ. ਸੀ. ਆਰ. ਅਤੇ ਥਾਣਾ ਇੰਚਾਰਜ ਦੀ ਗੱਡੀ ਤਾਇਨਾਤ ਕੀਤੀ ਜਾਵੇਗੀ। ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਰਾਤ 10 ਵਜੇ ਤੋਂ ਸਵੇਰੇ 7 ਵਜੇ ਤੱਕ ਸਾਊਥ ਡਵੀਜ਼ਨ ਦੇ ਸਾਰੇ ਨਾਕਿਆਂ ’ਤੇ 10-10 ਪੁਲਸ ਮੁਲਾਜ਼ਮ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਥਾਣੇ ਦੇ ਅੰਦਰ 10-10 ਪੁਲਸ ਮੁਲਾਜ਼ਮ ਚੌਕਸ ਰਹਿਣਗੇ। ਥਾਣਿਆਂ ਦੇ ਬਾਹਰ ਨਾਕੇ ’ਤੇ ਸਾਰੇ ਜਵਾਨ ਹਥਿਆਰਾਂ ਨਾਲ ਲੈਸ ਹੋਣਗੇ।