ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ 25ਵੇਂ ਮਹਾ ਸੰਮੇਲਨ ਦੇ ਦੂਜੇ ਦਿਨ ਪੰਜਾਬ, ਦੇਸ਼ ਅਤੇ ਦੁਨੀਆਂ ਨੂੰ ਮੌਜੂਦਾ ਸਮੇਂ ਦਰਪੇਸ਼ ਮੁਸ਼ਕਲਾਂ ਬਾਰੇ ਕੀਤੀ ਗਈ ਵਿਚਾਰ-ਚਰਚਾ

ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ 25ਵੇਂ ਮਹਾ ਸੰਮੇਲਨ ਦੇ ਦੂਜੇ ਦਿਨ ਪੰਜਾਬ, ਦੇਸ਼ ਅਤੇ ਦੁਨੀਆਂ ਨੂੰ ਮੌਜੂਦਾ ਸਮੇਂ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਪਾਰਟੀ ਦੇ ਕੌਮੀ ਜਨਰਲ ਸਕੱਰਤ ਕਾਮਰੇਜ ਡੀ. ਰਾਜਾ ਨੇ ਕਿਹਾ ਕਿ ਅੱਜ ਭਾਰਤ ਲੋਕਤੰਤਰ, ਧਰਮ ਨਿਰਪੱਖਤਾ, ਸਮਾਜਿਕ ਨਿਆ ਤੇ ਹੋਰ ਕਈ ਗੰਭੀਰ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਪਿੱਠ ਭੂਮੀ ਵਿੱਚ 25ਵੀਂ ਕਾਂਗਰਸ ਚੁਣੌਤੀਆਂ ’ਤੇ ਰਾਜਸੀ ਸਪਸ਼ਟਤਾ ਅਤੇ ਦ੍ਰਿਡ਼ ਵਿਸ਼ਵਾਸ ਨਾਲ ਵਿਚਾਰ ਚਰਚਾ ਕਰ ਰਹੀ ਹੈ।

ਇਸ ਵਿੱਚ ਇਸ ਤਰ੍ਹਾਂ ਦੇ ਮਤੇ ਪਾਸ ਕੀਤੇ ਜਾਣਗੇ, ਜੋ ਪਾਰਟੀ ਦੀ 100 ਸਾਲਾਂ ਦੀ ਵਿਰਾਸਤ ਨੂੰ ਦਰਸਾਵੇ ਅਤੇ ਇੱਕ ਸਾਹਸੀ ਤੇ ਨਿਰਣਾਇਕ ਦਿਸ਼ਾ ਪ੍ਰਦਾਨ ਕਰਨ।ਸੀਪੀਆਈ ਦੀ ਕੌਮੀ ਸਕੱਤਰ ਅਮਰਜੀਤ ਕੌਰ, ਸਾਬਕਾ ਐਮਪੀ ਨਾਗੇਂਦਰ ਨਾਥ ਓਝਾ, ਪੀ ਐਮ ਮੂਰਥੀ, ਕਾਮਰੇਡ ਹਰਦੇਵ ਸਿੰਘ ਅਰਸ਼ੀ, ਮੁਹੰਮਦ ਸਲੀਮ, ਪਰਾਂਤੀ ਅਧਿਕਾਰੀ, ਦੇਵੀ ਕੁਮਾਰੀ ਸਰਹਾਲੀ ਕਲਾਂ ਤੇ ਕਾਮਰੇਡ ਦਨੇਸ਼ ਦੇ ਅਧਾਰਤ ਪ੍ਰਧਾਨਗੀ ਮੰਡਲ ਦੀ ਹਾਜ਼ਰੀ ਵਿੱਚ ਵੱਖ-ਵੱਖ ਡੈਲੀਗੇਟਾਂ ਨੇ ਰਾਜਸੀ ਮਤੇ ’ਤੇ ਗੰਭੀਰ ਬਹਿਸ ਕੀਤੀ। ਇਸ ਦੌਰਾਨ ਕੁਝ ਅਤਿਅੰਤ ਮਹੱਤਵਪੂਰਨ ਮਤੇ ਪਾਸ ਕੀਤੇ। ਪੰਜਾਬ ਵਿੱਚ ਆਏ ਹਡ਼੍ਹਾਂ ਦੇ ਸੰਦਰਭ ਵਿੱਚ ਪਾਸ ਕੀਤੇ ਮਤੇ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੁਆਰਾ ਸਿੰਜਾਈ ਸਰੋਤਾਂ ਦੇ ਡਰੈਨੇਜ (ਪਾਣੀ ਦੇ ਨਿਕਾਸ) ਦੇ ਪ੍ਰਬੰਧਾਂ ਦੀ ਅਣਗਹਿਲੀ ਕਰਨ ਦੀ ਅਲੋਚਨਾ ਕੀਤੀ ਗਈ। ਪਾਰਟੀ ਕਾਂਗਰਸ ਨੇ ਕੇਂਦਰ ਸਰਕਾਰ ਦੁਆਰਾ ਪੰਜਾਬ ਨੂੰ 1600 ਕਰੋਡ਼ ਰੁਪਏ ਦੀ ਸਹਾਇਤਾ ਵਾਲੇ ਪੈਕੇਜ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦਾ ਨਰਾਦਰ ਹੈ। ਪੰਜਾਬ ਦੇ ਲੋਕਾਂ ਦਾ 25 ਹਜ਼ਾਰ ਕਰੋਡ਼ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਪਾਰਟੀ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਲਈ ਵੱਡਾ ਸਹਾਇਤਾ ਪੈਕੇਜ ਦਾ ਐਲਾਨ ਕਰੇ ਅਤੇ ਉਹ ਪੈਕੇਜ ਤੁਰੰਤ ਜਾਰੀ ਕੀਤਾ ਜਾਵੇ। ਲੋਕਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹਡ਼੍ਹਾਂ ਤੋਂ ਪੀਡ਼ਤ ਹਰ ਪਰਿਵਾਰ ਨੂੰ ਘਟੋ-ਘੱਟ ਇਕ-ਇਕ ਲੱਖ ਰੁਪਏ ਦੀ ਰਾਹਤ ਰਾਸ਼ੀ ਦਿੱਤੀ ਜਾਵੇ ਅਤੇ ਇਸ ਰਾਹਤ ਵਿੱਚ ਕਿਸਾਨਾਂ ਦੇ ਨਾਲ-ਨਾਲ ਬੇਜ਼ਮੀਨਿਆਂ ਖੇਤ ਮਜ਼ਦੂਰਾਂ ਅਤੇ ਛੋਟੇ ਵਪਾਰੀਆਂ ਨੂੰ ਸ਼ਾਮਲ ਕੀਤਾ ਜਾਵੇ। ਇਸ ਦੇ ਨਾਲ ਹੀ ਪਾਰਟੀ ਕਾਂਗਰਸ ਨੇ ਕੇਂਦਰ ਸਰਕਾਰ ਤੋਂ ਹਡ਼੍ਹਾਂ ਬਾਰੇ ਜਾਰੀ ਕੀਤੇ ਫੰਡਾਂ ਅਤੇ ਹੋਰ ਰਾਹਤ ਕਾਰਜਾਂ ਬਾਰੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ।ਇਕ ਹੋਰ ਮਤੇ ਵਿੱਚ ਕੇਂਦਰ ਸਰਕਾਰ ਦੁਆਰਾ ਜੀ.ਐੱਸ.ਟੀ. ਵਿੱਚ ਕੀਤੇ ਸੁਧਾਰਾਂ ਦੇ ਦਾਅਵੇ ਨੂੰ ਇਕ ਹੋਰ ਜੁਮਲਾ ਕਰਾਰ ਦਿੰਦਿਆ ਕਿਹਾ ਕਿ ਭਾਜਪਾ ਦੀਆਂ ਆਰਥਿਕ ਨੀਤੀਆਂ ਕਾਰਨ ਮੱਧ ਵਰਗ ਅਤੇ ਘਟ ਆਮਦਨ ਵਾਲਿਆਂ ’ਤੇ ਮਾਰੂ ਪ੍ਰਭਾਵ ਪਿਆ ਹੈ। ਦੇਸ਼ ਦੇ ਹੇਠਲੇ 50 ਫ਼ੀਸਦੀ ਖਪਤਕਾਰ ਜੀ.ਐੱਸ.ਟੀ. ਦਾ ਵੱਡਾ ਹਿੱਸਾ ਪਾਉਂਦੇ ਹਨ। ਪਰ ਸਰਕਾਰੀ ਨੀਤੀਆਂ ਕਾਰਨ ਆਰਥਿਕ ਪਾਡ਼ਾ ਵੱਧ ਰਿਹਾ ਹੈ। ਜਿਸ ਕਾਰਨ ਮੱਧ ਵਰਗ ਤੇ ਘਟ ਸਾਧਨਾਂ ਵਾਲਾ ਹੇਠਲਾਂ ਵਰਗ ਹੋਰ ਨਪੀਡ਼ੇ ਜਾ ਰਹੇ ਹਨ। ਕਾਰਪੋਰੇਟ ਘਰਾਣੇ ਅਤੇ ਸਰਕਾਰ ਦੇ ਪਸੰਦੀਦਾ ਧਨਪਤੀਆਂ ਨੂੰ ਫਾਇਦਾ ਪਹੁੰਚ ਰਿਹਾ ਹੈ। ਇਕ ਹੋਰ ਸਬੰਧਤ ਮਤੇ ਵਿੱਚ ਪੁੰਡੂਚੁਰੀ ਨੂੰ 16ਵੇਂ ਕੇਂਦਰੀ ਵਿੱਤ ਕਮਿਸ਼ਨ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ।ਫਲਸਤੀਨ ਦੇ ਲੋਕਾਂ ਦੀ ਹਿਮਾਇਤ ਵਿੱਚ ਪਾਸ ਕੀਤੇ ਮਤੇ ਵਿੱਚ ਅਮਰੀਕਾ ਉੱਤੇ ਇਜ਼ਰਾਈਲ ਤੇ ਗਾਜ਼ਾ ਵਿੱਚ ਫਲਸਤੀਨੀ ਲੋਕਾਂ ਦੀ ਨਸਲਖੁਸ਼ੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪਾਰਟੀ ਕਾਂਗਰਸ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਸੰਯੁਕਤ ਰਾਸ਼ਟਰ ਵਿੱਚ ਫਲਸਤੀਨ ਦੀ ਹਿਮਾਇਤ ਵਿੱਚ ਹਰ ਮਤੇ ਵਿੱਚ ਫਲਸਤੀਨ ਦੇ ਹਕ ਵਿੱਚ ਵੋਟ ਪਾਵੇ ਅਤੇ ਫਲਸਤੀਨ ਦੇ ਲੋਕਾਂ ਨੂੰ ਸਹਾਇਤਾਂ ਪਹੁੰਚਾਉਣ ਲਈ ਵਿਹਾਰਕ ਰੂਪ ਵਿੱਚ ਕਦਮ ਚੁੱਕੇ। ਸਿਹਤ ਸਬੰਧੀ ਮਤੇ ਵਿੱਚ ਇਹ ਗੱਲ ਨੋਟ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਜੀ.ਡੀ.ਪੀ. ਦਾ ਦੋ ਫ਼ੀਸਦ ਤੋਂ ਘੱਟ ਹਿੱਸਾ ਸਿਹਤ ਤੇ ਖਰਚ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਸਿਹਤ ਦੀ ਸੰਭਾਲ ਨੂੰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕਰਦਿਆਂ ਸਿਹਤ ਤੇ ਕੀਤੇ ਜਾਂਦੇ ਖਰਚ ਨੂੰ ਸਾਲ 2027 ਤੱਕ ਜੀ.ਡੀ.ਪੀ. ਦਾ ਤਿੰਨ ਫ਼ੀਸਦ ਅਤੇ 2030 ਤੱਕ 10 ਫ਼ੀਸਦ ਤੱਕ ਲਿਜਾਣ ਦੀ ਮੰਗ ਕੀਤੀ। ਨੀਤੀ ਆਯੋਗ ਦੇ ਆਪਣੇ ਆਂਕਡ਼ੇ ਅਨੁਸਾਰ ਪਰਿਵਾਰਾਂ ਦੀ ਸਿਹਤ ’ਤੇ ਹੁੰਦੇ ਖਰਚੇ ਕਾਰਨ ਦੇਸ਼ ਵਿੱਚ ਹਰ ਸਾਲ ਲਗਭਗ 10 ਕਰੋਡ਼ ਲੋਕਾਂ ਨੂੰ ਭਿਆਨਕ ਆਰਥਿਕ ਹਾਲਕ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰਟੀ ਕਾਂਗਰਸ ਨੇ ਦੇਸ਼ ਦੇ ਸਾਰੇ ਨਾਗਰਿਕਾਂ ਲਈ ਸਰਵ ਵਿਆਪੀ ਮੁਫ਼ਤ ਸਿਹਤ ਸਹੁਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ।ਪਾਰਟੀ ਕਾਂਗਰਸ ਨੇ ਕਿਊਬਾ ਦੇ ਲੋਕਾਂ ਦੀ ਹਿਮਾਇਤ ਵਿੱਚ ਮਤਾ ਪਾਸ ਕਰਦਿਆਂ ਅਮਰੀਕਾ ਦੁਆਰਾ 6 ਦਹਾਕਿਆਂ ਤੋਂ ਕਿਊਬਾਂ ਦੀ ਕੀਤੀ ਜਾ ਰਹੀ ਆਰਥਿਕ ਨਾਕਾਬੰਦੀ ਦਾ ਵਿਰੋਧ ਕੀਤਾ ਅਤੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਮਹੂਰੀ ਤਾਕਤਾਂ ਅਮਰੀਕਾਂ ਦੀ ਤਾਨਾਸ਼ਾਹੀ ਵਿਰੁੱਧ ਇਕੱਠੇ ਹੋ ਕੇ ਕਦਮ ਚੁੱਕਣ।ਇਸ ਤੋਂ ਇਲਾਵਾ ਪਾਰਟੀ ਕਾਂਗਰਸ ਦੇ ਡੈਲੀਗੇਟ ਇਜਲਾਸ ਵਿੱਚ ਪਾਰਟੀ ਤੇ ਸਿਆਸੀ ਮਸਲਿਆਂ ਬਾਰੇ ਬਹਿਸ ਕੀਤੀ ਗਈ। ਸਿਆਸੀ ਮਸਲੇ ਵਿੱਚ ਭਾਜਪਾ ਦੇ ਫਾਸ਼ੀਵਾਦੀ ਏਜੰਡੇ ਦੀ ਅਲੋਚਨਾ ਕਰਦਿਆਂ ਖੱਬੀਆਂ ਤੇ ਜਮਹੂਰੀ ਤਾਕਤਾਂ ਨੂੰ ਇਕ-ਮੁੱਕ ਹੋਣ ਦਾ ਸੱਦਾ ਦਿੱਤਾ। ਪਾਰਟੀ ਨੇ ਅਹਿਦ ਕੀਤਾ ਕਿ ਉਹ ਦੇਸ਼ ਦੇ ਕਿਸਾਨਾਂ, ਕਿਰਤੀਆਂ, ਮਜ਼ਦੂਰਾਂ ਤੇ ਮਹਿਨਤਕਸ਼ਾਂ ਅਤੇ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਵਧ ਹੈ।ਸ਼ਾਮ ਨੂੰ ਹੋਏ ਸੱਭਿਆਚਾਰਕ ਸਮਾਗਮਾਂ ਵਿੱਚ ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਵਿੱਚ ਰੰਗ ਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਨੇ ਜੋਗਿੰਦਰ ਬਾਹਰਲੇ ਦੇ ਓਪੇਰਾ ਹਾਡ਼ੀਆਂ-ਸੋਹਣੀਆਂ, ਭਗਤ ਸਿੰਘ ਦਾ ਮੁਕੱਦਮਾ ਅਤੇ ਕਹੋ ਕਾਮਰੇਡ ਲਾਲ ਸਲਾਮ ਦੇ ਗੀਤਾਂ ਨਾਲ ਇਨਕਲਾਬੀ ਰੰਗ ਬੰਨਿਆ। ਇਸ ਦੌਰਾਨ ਛੱਤੀਸਗਡ਼੍ਹ ਦੇ ਲੋਕ ਕਲਾਕਾਰਾਂ ਤੇ ਕਈ ਹੋਰਨਾਂ ਸੂਬਿਆਂ ਤੋਂ ਆਏ ਕਲਾਕਾਰ ਮੰਡਲੀਆਂ ਨੇ ਵੀ ਆਪਣੇ ਕਲਾਕਾਰੀ ਪੇਸ਼ ਕੀਤੀ।

Leave a Reply

Your email address will not be published. Required fields are marked *